Farmers’ organizations surround : ਜਲੰਧਰ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਸੰਗਠਨਾਂ ਨੇ ਬੁੱਧਵਾਰ ਦੁਪਹਿਰ ਨੂੰ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਅਤੇ ਉਸ ਤੋਂ ਬਾਅਦ ਸੰਸਦ ਮੈਂਬਰ ਹੰਸ ਰਾਜ ਹੰਸ ਦਾ ਘਰ ਘੇਰ ਲਿਆ। ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ ਲੈ ਕੇ ਸ਼ਾਸਤਰੀ ਮਾਰਕੀਟ ਚੌਕ ਇਲਾਕੇ ‘ਚ ਪੁੱਜੇ ਅਤੇ ਪੂਰਾ ਖੇਤਰ ਘੇਰ ਲਿਆ। ਇਸ ਨਾਲ ਟ੍ਰੈਫਿਕ ਜਾਮ ਦੇ ਹਾਲਾਤ ਪੈਦਾ ਹੋ ਗਏ। ਸ਼ਾਸਤਰੀ ਮਾਰਕੀਟ ਚੌਕ ਲਾਡੋਵਾਲੀ ਰੋਡ ਮਿਲਾਪ ਚੌਕ, ਪ੍ਰੈੱਸ ਕਲੱਬ ਚੌਕ ‘ਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੇ ਬਾਵਜੂਦ ਕਿਸਾਨ ਪੁੱਜ ਗਏ ਅਤੇ ਭਾਜਪਾ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਲਗਭਗ ਸਾਰੇ ਮੁੱਖ ਚੌਕਾਂ ‘ਤੇ ਟ੍ਰੈਫਿਕ ਜਾਮ ਦੇ ਹਾਲਾਤ ਬਣੇ ਰਹੇ।
ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਟਰਾਂਸਪੋਰਟਰ ਤੇ ਕਿਸਾਨ ਹੈਪੀ ਸੰਧੂ ਨੇ ਕਿਹਾ ਕਿ ਕਿਸਾਨ ਕਿਸੇ ਵੀ ਰੂਪ ‘ਚ ਖੇਤੀ ਬਿੱਲਾਂ ਨੂੰ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸਾਰੇ ਭਾਜਪਾ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਸੰਗਠਨਾਂ ਨੇ ਸੰਸਦ ਮੈਂਬਰ ਹੰਸਰਾਜ ਹੰਸ ਦੀ ਲਿੰਕ ਰੋਡ ਸਥਿਤ ਕੋਠੀ ਦਾ ਵੀ ਘੇਰਾਓ ਕੀਤਾ। ਵੱਡੀ ਗਿਣਤੀ ‘ਚ ਸੰਸਦ ਮੈਂਬਰ ਦੇ ਘਰ ਪੁੱਜੇ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਨੇਤਾਵਾਂ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਿਸ ਨੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਘਰ ਦੇ ਬਾਹਰ ਸੁਰੱਖਿਆ ਹੋਰ ਸਖਤ ਕਰ ਦਿੱਤੀ ਸੀ। ਕਿਸਾਨਾਂ ਨੂੰ ਸੰਸਦ ਦੇ ਘਰ ਤੋਂ ਦੂਰ ਹੀ ਰੋਕ ਲਿਆ ਗਿਆ।