Farmers’ Rail Roko : ਜਲੰਧਰ : ਪੰਜਾਬ ‘ਚ ਖੇਤੀ ਕਾਨੂੰਨਾਂ ‘ਤੇ ਸਿਆਸਤ ਪੂਰੀ ਤਰ੍ਹਾਂ ਤੋਂ ਗਰਮਾਈ ਹੋਈ ਹੈ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਕਿਸਾਨਾਂ ਦੇ ਮੁੱਦੇ ‘ਤੇ ਸੂਬੇ ‘ਚ ਟਰੈਕਟਰ ਯਾਤਰਾ ‘ਤੇ ਹਨ। ਰਾਹੁਲ ਤਿੰਨ ਦਿਨ ਪੰਜਾਬ ‘ਚ ਰਹਿਣਗੇ। ਭਾਜਪਾ ਨੂੰ ਛੱਡ ਪੰਜਾਬ ‘ਚ ਸਾਰੇ ਦਲ ਆਪਣੇ ਪੱਧਰ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਸੜਕਾਂ ‘ਤੇ ਉਤਰ ਆਏ ਹਨ। ਕਿਸਾਨ ਮੰਡੀ ‘ਚ ਝੋਨੇ ਦੀ ਫਸਲ ਵੇਚਣ ਦੇ ਨਾਲ-ਨਾਲ ਧਰਨਿਆਂ ‘ਚ ਵੀ ਸ਼ਾਮਲ ਹੋ ਰਹੇ ਹਨ। ਕਿਸਾਨਾਂ ਦਾ ਪੰਜਾਬ ‘ਚ ਰੇਲ ਰੋਕੋ ਅੰਦੋਲਨ ਜਾਰੀ ਹੈ। ਵੱਖ-ਵੱਖ ਜਿਲ੍ਹਿਆਂ ‘ਚ ਕਿਸਾਨਾਂ ਦੇ ਧਰਨੇ ਹੋ ਰਹੇ ਹਨ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦਾ ਅੱਜ 12ਵਾਂ ਦਿਨ ਹੈ। ਕਿਸਾਨਾਂ ਨੇ ਹੁਣ ਇਸ ਨੂੰ 8 ਅਕਤੂਬਰ ਤੱਕ ਵਧਾ ਦਿੱਤਾ ਹੈ। ਨਾਲ ਹੀ 6 ਅਕਤੂਬਰ ਨੂੰ ਹਰਿਆਣਾ ਦੇ 17 ਸੰਗਠਨਾਂ ਤੇ 14 ਅਕਤੂਬਰ ਦੇ ਦੇਸ਼ ਵਿਆਪੀ ਅੰਦੋਲਨ ਦਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਦੇ ਦੇਵੀਦਾਸਪੁਰਾ, ਭਾਰਤੀ ਕਿਸਾਨ ਯੂਨੀਅਨ ਨੇ ਜਲੰਧਰ ਦੇ ਕਰਤਾਰਪੁਰ ‘ਚ ਰੇਲ ਟਰੈਕ ‘ਤੇ ਧਰਨਾ ਦਿੱਤਾ। ਬਰਨਾਲਾ ‘ਚ ਕਿਸਾਨ ਟਰੈਕ ‘ਤੇ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ। ਉਨ੍ਹਾਂ ਨੇ ਟਰੈਕ ‘ਤੇ ਹੀ ਲੰਗਰ ਲਗਾਇਆ। ਲੁਧਿਆਣਾ ਦੇ ਜਗਰਾਓਂ ‘ਚ ਵੀ ਕਿਸਾਨ ਰੇਲਵੇ ਸਟੇਸ਼ਨ ਜਦੋਂ ਕਿ ਸੁਧਾਰ ਪਿੰਡ ‘ਟ ਟੋਲ ਪਲਾਜ਼ਾ ‘ਤੇ ਡਟੇ ਰਹੇ। ਕਿਸਾਨਾਂ ਨੇ ਥਾਂ-ਥਾਂ ਕੇਂਦਰ ਸਰਕਾਰ ਦੇ ਪੁਤਲੇ ਵੀ ਸਾੜੇ। ਅੰਮ੍ਰਿਤਸਰ ‘ਚ ਕਿਸਾਨ ਨੇਤਾ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਦਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਕਿਸਾਨ ਸੰਗਠਨਾਂ ਨੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਦਿੱਤੇ ਧਰਨੇ ‘ਚ ਦੁਹਰਾਇਆ ਕਿ ਭਾਜਪਾ ਨੇਤਾਵਾਂ ਨੂੰ ਪਿੰਡਾਂ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨਾਂ ਦਾ ਅੰਦੋਲਨ ਕਿੰਨੇ ਦਿਨ ਹੋਰ ਚੱਲਣ ਵਾਲਾ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ, ਪਰ ਜੇਕਰ ਲੋਕ ਘਰ ਵਾਪਸ ਜਾਣ ਦੀ ਉਮੀਦ ‘ਚ ਆਪਣੀਆਂ ਟਿਕਟਾਂ ਬੁੱਕ ਕਰਵਾ ਰਹੇ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਗੋਲਬਾਗ ਸਾਈਟ ‘ਤੇ ਰਿਜ਼ਰਵੇਸ਼ਨ ਕਾਊਂਟਰ ਸਵੇਰੇ 8 ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਤੇ ਰੋਜ਼ਾਨਾ 1000 ਦੇ ਕਰੀਬ ਟਿਕਟਾਂ ਵੀ ਬੁੱਕ ਹੋ ਰਹੀਆਂ ਹਨ। ਇਸ ਤੋਂ ਇਲਾਵਾ ਆਨਲਾਈਨ ਟਿਕਟਾਂ ਵੀ ਬੁੱਕ ਹੋ ਰਹੀਆਂ ਹਨ। ਅਜਿਹੇ ‘ਚ ਲੱਗਦਾ ਹੈ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।