ਪੁਲਿਸ ਨੇ ਪੰਜਾਬ ਦੇ ਬਠਿੰਡਾ ਵਿੱਚ ਦੋਹਰੇ ਕਤਲ (ਧੀ ਅਤੇ ਪੋਤੀ ਦਾ ਕਤਲ) ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਮਵਾਰ ਸਵੇਰੇ ਦੋਸ਼ੀ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਪਿੰਡ ਵਿਰਕ ਕਲਾਂ ਵਿੱਚ ਆਪਣੀ ਧੀ ਅਤੇ ਉਸਦੀ ਦੋ ਸਾਲ ਦੀ ਮਾਸੂਮ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਰਾਜਵੀਰ ਸਿੰਘ ਉਰਫ ਰਾਜਾ ਨੰਬਰਦਾਰ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਉਸਦਾ ਪੁੱਤਰ ਪਰਮਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਡੀਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਜਵੀਰ ਸਿੰਘ ਉਰਫ ਰਾਜਾ ਦੇ ਕਬਜ਼ੇ ਵਿੱਚੋਂ ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਦੂਜੇ ਦੋਸ਼ੀ ਪਰਮਪਾਲ ਸਿੰਘ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਪੁੱਛਗਿੱਛ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਜਸਮਨਦੀਪ ਕੌਰ ਦਾ ਆਪਣੇ ਘਰ ਦੇ ਨੇੜੇ ਰਹਿਣ ਵਾਲੇ ਰਾਮਨੰਦਨ ਸ਼ਰਮਾ ਨਾਲ ਲਗਭਗ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਧੀ ਦੇ ਵਿਆਹ ਦਾ ਸਖ਼ਤ ਵਿਰੋਧ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦਾ ਪਿਓ ਜਾਟ ਪਰਿਵਾਰ ਨਾਲ ਸਬੰਧਤ ਸੀ ਅਤੇ ਮੁੰਡਾ ਪੰਡਿਤ ਭਾਈਚਾਰੇ ਨਾਲ ਸਬੰਧਤ ਸੀ। ਇਸ ਕਾਰਨ ਉਸ ਦੀ ਕੁੜੀ ਅਤੇ ਉਸਦੇ ਸਹੁਰਿਆਂ ਨਾਲ ਰੰਜਿਸ਼ ਸੀ।
ਇਸ ਰੰਜਿਸ਼ ਕਾਰਨ ਦੋਵੇਂ ਪਰਿਵਾਰ ਆਹਮੋ-ਸਾਹਮਣੇ ਨਹੀਂ ਆਉਂਦੇ ਸਨ, ਪਰ ਸੋਮਵਾਰ ਨੂੰ ਅਚਾਨਕ ਪਿਓ-ਪੁੱਤ ਅਤੇ ਧੀ-ਦੋਹਤੀ ਆਹਮੋ-ਸਾਹਮਣੇ ਹੋ ਗਏ ਅਤੇ ਗੁੱਸੇ ਵਿੱਚ ਆਏ ਪਿਤਾ ਨੇ ਉਨ੍ਹਾਂ ‘ਤੇ ਮੌਕੇ ‘ਤੇ ਹੀ ਹਮਲਾ ਕਰ ਦਿੱਤਾ ਅਤੇ ਦੋਵਾਂ ਨੂੰ ਮਾਰ ਦਿੱਤਾ।
ਸੋਮਵਾਰ ਸਵੇਰੇ ਜਸਮਨਦੀਪ ਕੌਰ ਆਪਣੀ ਧੀ ਨੂੰ ਲੈ ਕੇ ਪਿੰਡ ਵਿਰਕ ਕਲਾਂ ਨੇੜੇ ਬੱਸ ਸਟੈਂਡ ‘ਤੇ ਆਈ। ਉਹ ਦਵਾਈ ਲੈਣ ਲਈ ਘਰੋਂ ਨਿਕਲੀ ਸੀ। ਬੱਸ ਸਟੈਂਡ ‘ਤੇ ਜਸਮਨਦੀਪ ਕੌਰ ਆਪਣੇ ਪਿਤਾ ਰਾਜਵੀਰ ਸਿੰਘ ਨੰਬਰਦਾਰ ਅਤੇ ਭਰਾ ਪਰਮਪਾਲ ਸਿੰਘ ਨੂੰ ਮਿਲੀ। ਇੱਥੇ ਦੋਸ਼ੀ ਦਾ ਜਸ਼ਨਦੀਪ ਕੌਰ ਨਾਲ ਝਗੜਾ ਹੋ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ ਪਹੁੰਚੇ PM ਮੋਦੀ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਹੁਣ ਅਧਿਕਾਰੀਆਂ ਨਾਲ ਬੈਠਕ
ਇਸ ਦੌਰਾਨ ਦੋਵਾਂ ਮੁਲਜ਼ਮਾਂ ਨੇ ਜਸਮਨਦੀਪ ਕੌਰ ਅਤੇ ਉਸ ਦੀ ਮਾਸੂਮ ਧੀ ‘ਤੇ ਚਾਕੂਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਨੇੜਲੇ ਲੋਕਾਂ ਨੇ ਗੰਭੀਰ ਜ਼ਖਮੀ ਔਰਤ ਅਤੇ ਕੁੜੀ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਜਸਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦੁਪਹਿਰ ਵੇਲੇ ਉਸ ਦੀ ਮਾਸੂਮ ਧੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























