Find out why : LED ਯੁਕਤ ਇਲੈਕਟ੍ਰੀਕਲ ਪੋਲ ਲੱਗੇ ਹੋਣ ਦੇ ਬਾਵਜੂਦ ਵੀ ਹਾਈਵੇ ਹਨ੍ਹੇਰੇ ‘ਚ ਹੀ ਡੁੱਬਾ ਹੋਇਆ ਹੈ। ਦੋ ਮਹੀਨੇ ਪਹਿਲਾਂ ਸਥਾਪਤ ਕਰ ਦਿੱਤੇ ਜਾਣ ਦੇ ਬਾਵਜੂਦ ਅਜੇ ਵੀ ਨੈਸ਼ਨਲ ਹਾਈਵੇ ਉਪਰ ਲਗਾਈਆਂ ਗਈਆਂ ਲਾਈਟਾਂ ਸ਼ੁਰੂ ਨਹੀਂ ਹੋਈਆਂ। ਲਾਈਟਾਂ ਦੇ ਚਾਲੂ ਨਾ ਹੋ ਸਕਣ ਦੀ ਇਹ ਵਜ੍ਹਾ ਦੱਸੀ ਜਾ ਰਹੀ ਹੈ ਕਿ ਹੁਣ ਤੱਕ PSPCL ਵੱਲੋਂ ਉਕਤ ਲਾਈਟਾਂ ਨੂੰ ਬਿਜਲੀ ਸਪਲਾਈ ਦੇਣ ਲਈ ਮੀਟਰ ਨਹੀਂ ਲਗਾਏ ਗਏ ਹਨ। ਜਲੰਧਰ ਦੇ ਪ੍ਰਵੇਸ਼ ਦੁਆਰ ਰਾਮਾ ਮੰਡੀ ਤੋਂ ਲੈ ਕੇ ਅੰਮ੍ਰਿਤਸਰ ਵੱਲ ਜਾ ਰਹੇ ਹਾਈਵੇ ਉਪਰ ਸਥਿਤ ਚੌਗਿੱਟੀ ਫਲਾਈਓਵਰ ਤੱਕ ਜਲੰਧਰ-ਪਾਨੀਪਤ ਸਿਕਸ ਲਾਈਨ ਹਾਈਵੇ ਦਾ ਨਿਰਮਾਣ ਕਰਨ ਵਾਲੀ ਨਿੱਜੀ ਕੰਪਨੀ ਵੱਲੋਂ 75 ਦੇ ਲਗਭਗ ਲਾਈਟਾਂ ਦੇ ਪੋਲ ਸਥਾਪਤ ਕੀਤੇ ਗਏ ਸਨ। ਹਾਈਵੇ ‘ਤੇ ਰੋਸ਼ਨੀ ਵਿਵਸਥਾ ਕਰਨ ਲਈ ਉਕਤ ਇਲੈਕਟ੍ਰਿਕ ਪੋਲ ‘ਚ LED ਲਗਾਏ ਗਏ ਹਨ ਜੋ ਆਸ-ਪਾਸ ਦੇ ਕਾਫੀ ਖੇਤਰ ‘ਚ ਰੌਸ਼ਨੀ ਕਰ ਸਕਦੇ ਹਨ।
ਹਾਈਵੇ ਦਾ ਨਿਰਮਾਣ ਕਰਨ ਵਾਲੀਆਂ ਨਿੱਜੀ ਕੰਪਨੀ ਦੇ ਇਲੈਕਟ੍ਰੀਕਲ ਵਿੰਗ ਨਾਲ ਸਬੰਧਤ ਅਧਿਕਾਰੀ ਨੇ ਕਿਹਾ ਕਿ ਰਾਮਾ ਮੰਡੀ ਤੋਂ ਲੈ ਕੇ ਚੌਗਿੱਟੀ ਫਲਾਈਓਵਰ ਤੱਕ 54 ਤੇ ਚੁਗਿੱਟੀ ਫਲਾਈਓਵਰ ਤੋਂ ਲੈ ਕੇ ਅੱਗੇ ਤੱਕ ਰੌਸ਼ਨੀ ਦੇ ਪ੍ਰਬੰਧ ਲਈ 21 ਪੋਲ (ਕੁੱਲ 75) ਲਗਾਏ ਗਏ ਹਨ। ਪੋਲ ‘ਤੇ ਰੌਸ਼ਨੀ ਨਾਲ ਸਬੰਧਤ ਸਾਰੇ ਉਪਕਰਨ ਫਿੱਟ ਕੀਤੇ ਜਾ ਚੁੱਕੇ ਹਨ ਤੇ ਸਿਰਫ ਬਿਜਲੀ ਸਪਲਾਈ ਸ਼ੁਰੂ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਹਫਤੇ ‘ਚ ਮੀਟਰ ਲਗਾ ਦਿੱਤੇ ਜਾਣਗੇ ਤੇ ਹਾਈਵੇ ‘ਤੇ ਰਾਤ ਦੇ ਸਮੇਂ ਲਾਈਟਾਂ ਰੌਸ਼ਨੀ ਦੇ ਸਕਣਗੀਆਂ।