ਪੰਜਾਬ ਵਿੱਚ ਬੁੱਧਵਾਰ ਦੁਪਹਿਰ ਨੂੰ ਕਪੂਰਥਲਾ ਵਿਖੇ ਰੇਲਵੇ ਕੋਚ ਫੈਕਟਰੀ (ਆਰਸੀਐਫ) ਦੇ ਬਾਹਰ ਭਿਆਨਕ ਅੱਗ ਲੱਗੀ। ਜਿਸ ਨਾਲ ਤਕਰੀਬਨ 300 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਬਾਅਦ ਦੁਪਹਿਰ ਅਚਾਨਕ ਚਿੰਗਾਰੀ ਨਾਲ ਭੜਕੀ ਅੱਗ ਨੇ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਖੋਹ ਲਈ। ਉਨ੍ਹਾਂ ਦਾ ਸਾਲਾਂ ਦੀ ਮਿਹਨਤ ਨਾਲ ਜਮ੍ਹਾ ਕੀਤਾ ਹੋਇਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਹਾਲਾਂਕਿ ਅੱਗ ਨਾਲ ਝੁੱਗੀਆਂ ‘ਚ ਪਿਆ ਸਾਮਾਨ, ਨਕਦੀ ਸਾਰਾ ਕੁਝ ਸੜ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ ਬੁਝਾਈ। ਅੱਗ ਲਗਭਗ ਦੋ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਚੰਗਿਆੜੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਕਾਰਨ ਹੋਏ ਨੁਕਸਾਨ ਨੂੰ ਕਾਫ਼ੀ ਦੱਸਿਆ ਗਿਆ ਹੈ। ਉਸੇ ਸਮੇਂ ਸ਼ਹਿਰ ਵਿਚ ਅਸਮਾਨ ਵਿਚ ਕਾਲਾ ਧੂੰਆਂ ਆਇਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।
ਆਰਸੀਐਫ ਇੰਪਲਾਈਜ਼ ਯੂਨੀਅਨ ਨੇ ਆਰਸੀਐਫ ਦੇ ਬਾਹਰ ਝੁੱਗੀ ਝੌਪੜੀਆਂ ਵਿੱਚ ਅੱਗ ਲੱਗਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਨ੍ਹਾਂ ਗਰੀਬ ਮਜ਼ਦੂਰਾਂ ਦੀ ਸਹਾਇਤਾ ਲਈ ਅੱਗੇ ਆਉਣ। ਸਰਕਾਰ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਨਾਲ ਰਹਿਣ ਲਈ ਜਲਦੀ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।