ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਨਿਆਂਇਕ ਹਿਰਾਸਤ ਬੁੱਧਵਾਰ ਨੂੰ ਖ਼ਤਮ ਹੋ ਗਈ ਹੈ। ਪੁਲਿਸ ਵੱਲੋਂ ਉਸਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਹਨੀ ਦੀ 20 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ੀ ਹੋਈ ਸੀ। ਅਦਾਲਤ ਨੇ ਹਨੀ ਨੂੰ ਕੋਈ ਰਾਹਤ ਨਾ ਦਿੰਦਿਆਂ ਉਸਨੂੰ 4 ਮਈ ਤੱਕ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ । ਇਸ ਵਾਰ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੂੰ ਵਰਚੁਅਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਗੈਰ-ਕਾਨੂੰਨੀ ਮਾਈਨਿੰਗ ਕਰਕੇ ਪੈਸੇ ਹੜੱਪਣ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ਿਕੰਜੇ ਵਿੱਚ ਫਸੇ ਹਨੀ ਦੀ ਜ਼ਮਾਨਤ ਪਟੀਸ਼ਨ ‘ਤੇ ਵੀ ਅੱਜ ਮੁੜ ਸੁਣਵਾਈ ਹੋਵੇਗੀ। ਜ਼ਮਾਨਤ ਪਟੀਸ਼ਨ ‘ਤੇ ਪਿਛਲੀ ਸੁਣਵਾਈ 2 ਮਈ ਨੂੰ ਹੋਈ ਸੀ ਪਰ ਕੋਈ ਫੈਸਲਾ ਨਹੀਂ ਹੋਇਆ ਸੀ । ਹਨੀ ਦੀ ਜ਼ਮਾਨਤ ਪਟੀਸ਼ਨ ਉਸ ਦੇ ਵਕੀਲਾਂ ਨੇ 20 ਅਪ੍ਰੈਲ ਨੂੰ ਦਾਇਰ ਕੀਤੀ ਸੀ। ਇਸ ‘ਤੇ ਅਦਾਲਤ ਨੇ ਸੁਣਵਾਈ ਲਈ 27 ਅਪ੍ਰੈਲ ਦੀ ਤਰੀਕ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ: IPS ਸੁਖਚੈਨ ਗਿੱਲ ਨੂੰ ਬਣਾਇਆ ਗਿਆ ਨੋਡਲ ਅਫਸਰ, ਪੁਲਿਸ ਦੇ ਹਰ ਮਾਮਲੇ ਦੀ ਜਾਣਕਾਰੀ ਦੇਣਗੇ CM ਮਾਨ ਨੂੰ
27 ਅਪ੍ਰੈਲ ਨੂੰ ਬਚਾਅ ਪੱਖ ਅਤੇ ਈਡੀ ਦੇ ਵਕੀਲ ਦੀ ਅਦਾਲਤ ਵਿੱਚ ਜ਼ਮਾਨਤ ਸਬੰਧੀ ਬਹਿਸ ਵੀ ਪੂਰੀ ਹੋ ਚੁੱਕੀ ਹੈ ਪਰ ਅਦਾਲਤ ਨੇ ਕੋਈ ਫੈਸਲਾ ਦੇਣ ਦੀ ਬਜਾਏ ਸੁਣਵਾਈ ਲਈ 30 ਅਪ੍ਰੈਲ ਦੀ ਤਰੀਕ ਪਾ ਦਿੱਤੀ ਸੀ। 30 ਅਪ੍ਰੈਲ ਨੂੰ ਵੀ ਦੋਵੇਂ ਵਕੀਲ ਅਦਾਲਤ ਵਿੱਚ ਪੇਸ਼ ਹੋਏ, ਫਿਰ ਵੀ ਕੋਈ ਫੈਸਲਾ ਨਹੀਂ ਆਇਆ ਅਤੇ 2 ਮਈ ਦੀ ਤਰੀਕ ਮਿਲੀ, ਪਰ ਪਿਛਲੀ ਤਰੀਕ ‘ਤੇ ਅਦਾਲਤ ਨੇ ਕੋਈ ਸੁਣਵਾਈ ਨਾ ਕਰਦੇ ਹੋਏ 4 ਮਈ ਦੀ ਤਰੀਕ ਦੇ ਦਿੱਤੀ ਸੀ।
ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੂੰ ਈਡੀ ਅਧਿਕਾਰੀਆਂ ਨੇ ਸੰਮਨ ਭੇਜ ਕੇ ਤਲਬ ਕੀਤਾ ਸੀ। ਸੰਮਨ ਮਿਲਣ ‘ਤੇ ਚਰਨਜੀਤ ਚੰਨੀ ਆਪਣੇ ਬਿਆਨ ਦਰਜ ਕਰਵਾਉਣ ਲਈ ਜਲੰਧਰ ਸਥਿਤ ਈਡੀ ਦੇ ਦਫ਼ਤਰ ਪਹੁੰਚੇ ਸਨ । ਚੰਨੀ ਨੂੰ ਈਡੀ ਵੱਲੋਂ ਭੁਪਿੰਦਰ ਸਿੰਘ ਹਨੀ ਨਾਲ ਕੀਤੀਆਂ ਮੁਲਾਕਾਤਾਂ ਬਾਰੇ ਸਵਾਲ ਪੁੱਛੇ ਗਏ ਸਨ । ਇਸ ਤੋਂ ਬਾਅਦ ਚੰਨੀ ਨੇ ਖੁਦ ਟਵੀਟ ਕਰਕੇ ਦੱਸਿਆ ਕਿ ਉਹ ਈਡੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਵੀਡੀਓ ਲਈ ਕਲਿੱਕ ਕਰੋ -: