Four Lab Technicians : ਬਠਿੰਡਾ ਦਾ ਬਲੱਡ ਬੈਂਕ ਜੋ ਆਪਣੀ ਲਾਪ੍ਰਵਾਹੀ ਕਾਰਨ ਪਿਛਲੇ ਕਾਫੀ ਸਮੇਂ ਤੋਂ ਸਵਾਲਾਂ ਦੇ ਘੇਰੇ ‘ਚ ਖੜ੍ਹਾ ਹੈ, ‘ਚ ਕੱਲ ਫਿਰ ਤੋਂ ਚੌਥੀ ਵਾਰ 13 ਸਾਲਾ ਥੈਲਸੀਮੀਆ ਪੀੜਤ ਬੱਚੇ ਨੂੰ HIV ਪਾਜੀਟਿਵ ਖੂਨ ਚੜ੍ਹਾਇਆ ਗਿਆ ਸੀ ਤੇ ਹੁਣ ਇਸ ਮਾਮਲੇ ‘ਚ ਸ਼ਾਮਲ ਦੋਸ਼ੀਆਂ ‘ਤੇ ਤੁਰੰਤ ਕਾਰਵਾਈ ਕਰਨ ਦੀ ਸਿਹਤ ਮੰਤਰੀ ਤੋਂ ਮੰਗ ਕੀਤੀ ਗਈ ਸੀ, ਜਿਸ ਅਧੀਨ ਅੱਜ ਪੜਤਾਲ ਕਰਨ ਆਈ ਟੀਮ ਨੇ ਤੱਥ ਇਕੱਤਰ ਕੀਤੇ ਹਨ। ਬੁੱਧਵਾਰ ਨੂੰ ਨੈਸ਼ਨਲ ਏਡਜ਼ ਕੰਟਰੋਲ ਕਮੇਟੀ ਦੀ ਬੀਟੀਓ ਡਾ ਸੁਨੀਤਾ ਰਾਣੀ ਅਤੇ ਐਡੀਸ਼ਨਲ ਪ੍ਰਜੈਕਟ ਡਾਇਰੈਕਟਰ ਜਾਂਚ ਲਈ ਬਠਿੰਡਾ ਆਏ ਸਨ। ਜਾਂਚ ‘ਚ ਜੋ ਵੀ ਸਾਹਮਣੇ ਆਇਆ, ਉਸ ਦੀ ਰਿਪੋਰਟ ਹੁਣ ਅੱਗੇ ਸਿਹਤ ਮੰਤਰੀ ਨੂੰ ਸੌਂਪੀ ਜਾਵੇਗੀ ਤੇ ਉਸ ਦੇ ਆਧਾਰ ‘ਤੇ ਹੀ ਕਾਰਵਾਈ ਕੀਤੀ ਜਾਵੇਗੀ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਠੇਕੇ ‘ਤੇ ਭਰਤੀ ਕੀਤੇ ਗਏ 4 ਲੈਬ ਟੈਕਨੀਸ਼ੀਅਨਾਂ ਨੂੰ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਤਾਜ਼ਾ ਮਾਮਲੇ ‘ਚ ਇੱਕ ਹੋਰ 13 ਸਾਲਾ ਮਾਸੂਮ ਬੱਚਾ ਸ਼ਿਕਾਰ ਬਣਿਆ ਹੈ। ਜਿਸਦੀ ਅੱਜ ਐਚ ਆਈ ਵੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ। ਪਹਿਲਾਂ ਤੋਂ ਹੀ ਥੈਲੇਸੀਮੀਆ ਤੋਂ ਪੀੜਤ ਇਹ ਮਾਸੂਮ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਦੇ ਸਿਰ ‘ਤੇ ਪਿਓ ਦਾ ਸਾਇਆ ਵੀ ਨਹੀਂ ਹੈ। ਅਜਿਹੀ ਹਾਲਤ ‘ਚ ਮਜਬੂਰ ਇਹ ਮਾਂ ਜਿਥੇ ਆਪਣੇ ਬਚੇ ਲਈ ਸਿਹਤਯਾਬੀ ਮੰਗ ਰਹੀ ਹੈ ਉਥੇ ਆਪਣੇ ਜਿਗਰ ਦੇ ਟੁਕੜੇ ਦੀ ਜਾਨ ਨਾਲ ਖਿਲਵਾੜ ਕਰਨ ਵਾਲਿਆਂ ਲਈ ਸਖਤ ਸਜ਼ਾ ਵੀ ਮੰਗ ਰਹੀ ਹੈ। ਇਧਰ ਹੁਣ ਤੱਕ ਸਾਹਮਣੇ ਆਏ ਕੇਸਾਂ ਚ ਜਿਆਦਾਤਰ ਥੈਲੇਸੀਮੀਆ ਪੀੜਤ ਬੱਚੇ ਹੀ ਸ਼ਾਮਲ ਹਨ ਜਿਸ ਨੂੰ ਲੈਕੇ ਅਜਿਹੇ ਕੇਸਾਂ ਦੀ ਸੰਭਾਲ ‘ਚ ਜੁਟੇ ਸਮਾਜ ਸੇਵੀ ਬੇਹੱਦ ਚਿੰਤਤ ਹਨ। ਇੰਨਾ ਦੀ ਚਿੰਤਾ ਸਿਹਤ ਵਿਭਾਗ ਵੱਲੋ ਅਜਿਹੇ ਮਾਮਲਿਆਂ ਨੂੰ ਹਲਕੇ ‘ਚ ਲੈਣ ਦੀ ਵੀ ਹੈ।
ਬਠਿੰਡਾ ਬਲੱਡ ਬੈਂਕ ਵੱਲੋਂ ਇੱਕ ਮਹੀਨੇ ਦੇ ਅੰਦਰ-ਅੰਦਰ ਲਾਪ੍ਰਵਾਹੀ ਦਾ ਇਹ ਚੌਥਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਮਾਸੂਮਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਗਿਆ ਹੈ। ਜਾਂਚ ਟੀਮ ਵੱਲੋਂ ਬਲੱਡ ਬੈਂਕ ‘ਚ ਕਿੱਟਾਂ ਦੀ ਹੇਰਾਫੇਰੀ ਤੇ ਘਪਲੇ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ। ਥੈਲੇਸੀਮੀਆਂ ਐਸੋਸੀਏਸ਼ਨ ਦੇ ਆਗੂ ਮਹਿੰਦਰ ਸਿੰਘ ਅਤੇ ਪਰਵੀਨ ਕੁਮਾਰ ਦਾ ਕਹਿਣਾ ਸੀ ਕਿ ਐਚਆਈਵੀ ਪਾਜ਼ਿਟਿਵ ਖੂਨ ਚੜ੍ਹਾਉਣ ਦੇ ਮਾਮਲੇ ’ਚ ਪ੍ਰਸ਼ਾਸ਼ਨ ਤੇ ਜਾਂਚ ਅਤੇ ਕਾਰਵਾਈ ਲਈ ਦਬਾਅ ਬਣਾਇਆ ਜਾਏਗਾ। ਜਾਂਚ ਕਮੇਟੀ ਵੱਲੋਂ ਰਿਪੋਰਟ ਆਉਣ ‘ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਿਆ ਜਾ ਸਕੇ।