Free bus travel for women: ਪੰਜਾਬ ਵਿੱਚ ਮਹਿਲਾਵਾਂ ਅੱਜ ਯਾਨੀ ਕਿ 1 ਅਪ੍ਰੈਲ ਤੋਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਸੂਬੇ ਵਿੱਚ ਮੁਫ਼ਤ ਸਫ਼ਰ ਕਰਨਗੀਆਂ । ਇਸ ਫ਼ੈਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਮਨਜ਼ੂਰੀ ਦੇ ਕੇ ਇਸ ‘ਤੇ ਪੱਕੀ ਮੋਹਰ ਲਗਾ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਸੂਬੇ ਵਿੱਚ ਮਹਿਲਾਵਾਂ ਅਤੇ ਕੁੜੀਆਂ ਦੇ ਸ਼ਸ਼ਕਤੀਕਰਨ ਲਈ ਸੂਬਾ ਸਰਕਾਰ ਵੱਲੋਂ 5 ਮਾਰਚ ਨੂੰ ਵਿਧਾਨ ਸਭਾ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਕਰਨ ਦੀ ਸਕੀਮ ਦਾ ਐਲਾਨ ਕੀਤਾ ਗਿਆ ਸੀ।
ਇਸ ਸਕੀਮ ਦਾ ਫਾਇਦਾ ਸੂਬੇ ਭਰ ਵਿੱਚ 1.31 ਕਰੋੜ ਮਹਿਲਾਵਾਂ/ਕੁੜੀਆਂ ਨੂੰ ਹੋਵੇਗਾ । 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਕੁੱਲ ਵਸੋਂ 2.77 ਕਰੋੜ ਹੈ, ਜਿਸ ਵਿੱਚ 1,46,39,465 ਪੁਰਸ਼ ਅਤੇ 1,31,03,873 ਮਹਿਲਾਵਾਂ ਹਨ। ਪੰਜਾਬ ਸਰਕਾਰ ਦੀ ਇਸ ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਮਹਿਲਾਵਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਣਗੀਆਂ, ਜਿਸ ਵਿਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.), ਪੰਜਾਬ ਰੋਡਵੇਜ਼ ਬੱਸ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸਿਜ਼ ਸ਼ਾਮਿਲ ਹਨ। ਇਹ ਸਕੀਮ ਸਰਕਾਰੀ AC ਬੱਸਾਂ, ਵਾਲਵੋ ਬੱਸਾਂ ਤੇ HVAC ਬੱਸਾਂ ਵਿੱਚ ਲਾਗੂ ਨਹੀਂ ਹੋਵੇਗੀ।
ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵੱਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਸਬੂਤ ਦਾ ਦਸਤਾਵੇਜ਼ ਦੀ ਜਰੂਰਤ ਹੋਵੇਗੀ । ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਚੰਡੀਗੜ੍ਹ ਰਹਿੰਦੇ ਹਨ, ਉਨ੍ਹਾਂ ਦੀਆਂ ਪਰਿਵਾਰਕ ਮੈਂਬਰ ਮਹਿਲਾਵਾਂ ਜਾਂ ਚੰਡੀਗੜ੍ਹ ਰਹਿਣ ਵਾਲੀਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਹਿਲਾਵਾਂ ਵੀ ਇਸ ਸਹੂਲਤ ਦਾ ਫਾਇਦਾ ਲੈ ਸਕਦੀਆਂ ਹਨ ।