Gangster Sukhraj Sukha : ਤਰਨਤਾਰਨ : ਅੱਤਵਾਦੀਆਂ ਦੀ ਬਹਾਦੁਰੀ ਨਾਲ ਮੁਕਾਬਲਾ ਕਰਨ ਵਾਲੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਗੁਰਦਾਸਪੁਰ ਦੇ ਗੈਂਗਸਟਰ ਸੁਖਰਾਜ ਸਿੰਘ ਸੁੱਖਾ ਨੇ ਕਰਵਾਈ ਸੀ। ਸੁੱਖਾ ਦੇ ਕਹਿਣ ‘ਤੇ ਸੁੱਖ ਪਿਖਾਰੀਵਾਲ ਨੇ ਇਸ ਵਾਰਦਾਤ ਲਈ ਸੁਖਦੀਪ ਸਿੰਘ ਉਰਫ ਬੂਰਾ ਅਤੇ ਗੁਰਜੀਤ ਸਿੰਘ ਉਰਫ ਪਾ ਨੂੰ ਚੁਣਿਆ। ਇਨ੍ਹਾਂ ਬਦਮਾਸ਼ਾਂ ਨੇ 16 ਅਕਤੂਬਰ ਦੀ ਸਵੇਰ ਕਾਮਰੇਡ ਬਲਵਿੰਦਰ ਸਿੰਘ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੁਣ ਤੱਕ ਸੁੱਖ ਪਿਖਾਰੀਵਾਲ, ਬੂਰਾ ਤੇ ਪਾ ਪੁਲਿਸ ਦੇ ਹੱਥ ਨਹੀਂ ਆਏ ਹਨ ਤੇ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਦੇ 19 ਦਿਨ ਬਾਅਦ ਸਪੈਸ਼ਲ ਇਸਵੈਸਟੀਗੇਸ਼ਨ ਟੀਮ SIT ਦੇ ਮੁਖੀ ਡੀ. ਆਈ. ਜੀ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ‘ਚ ਇਸਤੇਮਾਲ ਕੀਤੀ ਗਈ ਬਾਈਕ ਵੀ ਬਰਾਮਦ ਕਰ ਲਈ ਹੈ। ਬਾਈਕ ਦਾ ਇੰਜਮ ਨੰਬਰ ਮਿਟਾ ਕੇ ਟਾਇਰ ਕੱਢ ਕੇ ਉਸ ਨੂੰ ਬਿਆਸ ਦਰਿਆ ‘ਚ ਸੁੱਟ ਦਿੱਤਾ ਗਿਆ ਸੀ। ਕਾਮਰੇਡ ਦੀ ਹੱਤਿਆ ਕਿਸ ਰੰਜਿਸ਼ ‘ਚ ਕੀਤੀ ਗਈ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।
ਪੁਲਿਸ ਨੇ ਸਭ ਤੋਂ ਪਹਿਲਾਂ ਗੈਂਗਸਟਰ ਸੁਖਰਾਜ ਸਿੰਘ ਉਰਫ ਸੁੱਖਾ ਤੇ ਰਵਿੰਦਰ ਸਿੰਘ ਗਿਆਨਾ ਨੂੰ ਪਟਿਆਲਾ ਤੇ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਪੁੱਛਗਿਛ ਕੀਤੀ। ਸੁੱਖਾ ‘ਤੇ ਪਹਿਲਾਂ ਤੋਂ ਹੀ 14 ਕੇਸ ਦਰਜ ਹਨ ਤੇ ਗਿਆਨਾ ‘ਤੇ 11 ਕੇਸ ਦਰਜ ਹਨ। ਗਿਆਨਾ ਨੇ ਖੁਲਾਸਾ ਕੀਤਾ ਕਿ ਸੁੱਖਾ ਨੇ ਸੁੱਖ ਪਿਖਾਰੀਵਾਲ ਨੂੰ ਕਹਿ ਕੇ ਕਾਮਰੇਡ ਹੀ ਹੱਤਿਆ ਕਰਵਾਈ ਹੈ। ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਵਾਰਦਾਤ ਤੋਂ ਬਾਅਦ ਬਦਮਾਸ਼ ਲੁਧਿਆਣਾ ਦੇ ਸਲੇਮਟਾਬਰੀ ਇਲਾਕੇ ‘ਚ ਲੁਕੇ ਹੋਏ ਸਨ।
ਲੁਧਿਆਣਾ ਦੇ ਸਲੇਮਟਾਬਰੀ ਦਾ ਰਵਿੰਦਰ ਸਿੰਘ ਉਰਫ ਰਵੀ ਢਿੱਲੋਂ ਤੇ ਚਾਂਦ ਭਾਟੀਆ, ਜਲੰਧਰ ਦੇ ਕਰਤਾਰਪੁਰ ਦਾ ਪ੍ਰਭਦੀਪ ਸਿੰਘ ਉਰਫ ਦੀਪਾ, ਗੁਰਦਾਸਪੁਰ ਦੇ ਪਿੰਡ ਨੱਥੂਪੁਰ, ਰਾਜਬੀਰ ਸਿੰਘ, ਲੁਧਿਆਣਾ ਤੇ ਨਿਊ ਜਨਕਪੁਰੀ ਦਾ ਆਕਾਸ਼ਦੀਪ ਸਿੰਘ ਉਰਫ ਅੱਕੂ ਤੇ ਬਸਤੀ ਜੋਧੇਵਾਲ ਦੇ ਰਵੀ ਕੁਮਾਰ ਨੂੰ ਕਾਬੂ ਕਰ ਲਿਆ। ਗੈਂਗਸਟਰ ਸੁਖਰਾਜ ਸਿੰਘ ਸੁੱਖਾ ਨੇ ਕਾਮਰੇਡ ਦੀ ਹੱਤਿਆ ਕਿਉਂ ਕਰਵਾਈ ਇਸ ਦਾ ਅਜੇ ਪਤਾ ਨਹੀਂ ਲੱਗਿਆ।ਇਸ ਦੇ ਪਿੱਛੇ ਅੱਤਵਾਦੀ ਕੁਨੈਕਸ਼ਨ ਹੈ ਜਾਂ ਕੋਈ ਹੋਰ ਕਾਰਨ ਅਜੇ ਇਹ ਗੱਲ ਸਪੱਸ਼ਟ ਨਹੀਂ ਹੈ। 16 ਅਕਤੂਬਰ ਦੀ ਸਵੇਰ 2 ਨਕਾਬਪੋਸ਼ਾਂ ਨੇ ਘਰ ‘ਚ ਵੜ ਕੇ ਬਲਵਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਸਨ।