Grandfather and grandson : ਟਾਂਡਾ ਵਿਖੇ 6 ਸਾਲਾ ਬੱਚੀ ਨਾਲ ਬੀਤੀ 31 ਅਕਤੂਬਰ ਨੂੰ ਜਬਰ ਜਨਾਹ ਤੋਂ ਬਾਅਦ ਜਿੰਦਾ ਸਾੜਨ ਵਾਲੇ ਦਾਦਾ-ਪੋਤੇ ਦੀ ਸੁਣਵਾਈ ਹਾਈਕੋਰਟ ਵੱਲੋਂ 23 ਨਵੰਬਰ ਨੂੰ ਰੱਖੀ ਗਈ ਹੈ। ਦੋਸ਼ੀ ਖਿਲਾਫ ਅਦਾਲਤੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਜਿਲ੍ਹਾ ਕੋਰਟ ਨੇ ਇਸ ਮਾਮਲੇ ‘ਚ ਸੁਣਵਾਈ 18 ਨਵੰਬਰ ਨੂੰ ਰੱਖੀ ਹੈ। ਇਹ ਜਾਣਕਾਰੀ ਪੀੜਤ ਪੱਖ ਦੇ ਵਕੀਲ ਨਵੀਨ ਜੈਰਥ ਨੇ ਦਿੱਤੀ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਤਰੀਖ 18 ਨਵੰਬਰ ਦੇ ਦਿਨ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋਵੇਂ ਦੋਸ਼ੀ ਦਾਦਾ-ਪੋਤੇ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤੀ ਜਾਵੇ। ਹਾਲ ਦੀ ਘੜੀ ਦੋਸ਼ੀ ਗੁਰਦਾਸਪੁਰ ਦੀ ਜੇਲ੍ਹ ‘ਚ ਬੰਦ ਹਨ। ਇਸ ਮਾਮਲੇ ‘ਚ ਪੁਲਿਸ ਨੇ ਸਿਰਫ 8 ਦਿਨ ‘ਚ ਜਾਂਚ ਕਰਕੇ ਚਾਲਾਨ ਪੇਸ਼ ਕੀਤਾ ਸੀ।
ਇਥੇ ਦੱਸਣਯੋਗ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ 31 ਅਕਤੂਬਰ ਨੂੰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜ਼ਿਲ੍ਹੇ ਦੇ ਕਸਬਾ ਟਾਂਡਾ ਦੇ ਪਿੰਡ ਜਲਾਲਪੁਰ ‘ਚ ਸ਼ਾਮ ਵੇਲੇ ਇੱਕ ਪ੍ਰਵਾਸੀ ਮਜ਼ਦੂਰ ਦੀ 6 ਸਾਲਾ ਬੱਚੀ ਨੂੰ ਜ਼ਿੰਦਾ ਸਾੜਣ ਦਾ ਮਾਮਲਾ ਸਾਹਮਣੇ ਆਇਆ। ਉਸ ਦੀ ਲਾਸ਼ ਇੱਕ ਬੋਰੀ ‘ਚੋਂ ਮਿਲੀ। ਪਹਿਲਾਂ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਤੇ ਉਸ ਤੋਂ ਬਾਅਦ ਬੱਚੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ। 6 ਸਾਲਾ ਲੜਕੀ ਦੇ ਪਿਤਾ ਦਾ ਨਾਂ ਰਾਹੁਲ ਹੈ, ਜੋ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਦਾ ਡਰਾਈਵਰ ਹੈ। ਲੜਕੀ ਦੀ ਮਾਂ ਅਨੁਸਾਰ ਉਸ ਦੀ ਬੱਚੀ ਦੁਪਹਿਰ ਤੋਂ ਲਾਪਤਾ ਸੀ। ਬੱਚੀ ਦੀ ਭਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸੁਰਜੀਤ ਸਿੰਘ ਦਾ ਬੇਟਾ ਉਨ੍ਹਾਂ ਦੀ ਬੱਚੀ ਨੂੰ ਆਪਣੇ ਨਾਲ ਲੈ ਗਿਆ ਹੈ। ਇਸ ਤੋਂ ਬਾਅਦ ਜਦੋਂ ਸੁਰਜੀਤ ਸਿੰਘ ਦੀ ਕੋਠੀ ‘ਤੇ ਜਾ ਕੇ ਵੇਖਿਆ ਤਾਂ ਪਤਾ ਲੱਗਿਆ ਕਿ ਬੱਚੀ ਦੀ ਅੱਧ ਸੜੀ ਲਾਸ਼ ਬੋਰੀ ਅੰਦਰ ਪਈ ਹੋਈ ਸੀ। ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗੀ ਹੈ। ਉਥੇ ਹੀ ਮੁੱਖ ਮੰਤਰੀ ਨੇ ਡੀਜੀਪੀ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ ਅਧੀਨ ਕਾਰਵਾਈ ਕਰਦੇ ਹੋਏ ਸਿਰਫ 8 ਦਿਨਾਂ ‘ਚ ਵੀ ਕੇਸ ਨੂੰ ਨਵਾਂ ਮੋੜ ਲੈ ਲਿਆ।