Haryana accuses Punjab : ਪੰਜਾਬ ਇਲਾਕੇ ਵਿਚ ਸਿਰਸਾ ਦੇ ਹਿੱਸੇ ਦਾ ਪਾਣੀ ਚੋਰੀ ਹੋ ਰਿਹਾ ਹੈ। 16 ਕਿਲੋਮੀਟਰ ਦੇ ਪੰਜਾਬ ਇਲਾਕੇ ਵਿਚ ਸੁਖਚੇਨ ਡਿਸਟ੍ਰਿਬਿਊਟਰੀ ਤੋਂ ਇਕ ਦਿਨ ਵਿਚ 50 ਕਿਊਸੇਕ ਪਾਣੀ ਦੀ ਚੋਰੀ ਹੋ ਰਹੀ ਹੈ। ਇਸ ਪਾਣੀ ਨੂੰ ਮਾਪਣ ’ਤੇ ਪਤਾ ਲੱਗਦਾ ਹੈ ਕਿ 12 ਕਰੋੜ 22 ਲੱਖ 99 ਹਜ਼ਾਰ ਲਿਟਰ ਪਾਣੀ ਰੋਜ਼ਾਨਾ ਚੋਰੀ ਕੀਤਾ ਜਾ ਰਿਹਾ ਹੈ। ਇੰਨੀ ਵੱਡੀ ਮਾਤਰਾ ਵਿਚ ਪਾਣੀ ਦੀ ਚੋਰੀ ਨੂੰ ਲੈ ਕੇ ਸਿਰਸਾ ਦੇ ਅਧਿਕਾਰੀ ਪੰਜਾਬ ਨੂੰ ਵਾਰ-ਵਾਰ ਚੋਰੀ ਦੇ ਮਾਮਲੇ ਵਿਚ ਚਿਤਾਵਨੀ ਦੇ ਰਹੇ ਹਨ ਪਰ ਇਹ ਚੋਰੀ ਨਹੀਂ ਰੁਕ ਰਹੀ। ਮੀਂਹ ਨਾ ਹੋਣ ਦੀ ਸਥਿਤੀ ਵਿਚ ਤਾਂ ਨਹਿਰ ਵਿਚ ਪਾਣੀ ਦੀ ਮਾਤਰਾ ਅੱਧੇ ਤੋਂ ਵੀ ਘੱਟ ਰਹਿ ਜਾਂਦੀ ਹੈਅਤੇ 70 ਕਿਉਸਿਕ ਪਾਣੀ ਤੱਕ ਪੰਜਾਬ ਖੇਤਰ ਦੇ ਕਿਸਾਨ ਹੀ ਕੱਢ ਲੈਂਦੇ ਹਨ। ਹੁਣ ਨਹਿਰ ਵਿਭਾਗ ਨੇ ਮੁੜ ਪੰਜਾਬ ਨੂੰ ਪੂਰੇ ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਤਤਕਾਲ ਹਿੱਸੇ ਦਾ ਪੂਰਾ ਪਾਣੀ ਮੁਹੱਈਆ ਕਰਵਾਉਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਸੁਖਚੈਨ ਡਿਸਟ੍ਰੀਬਿਊਟਰੀ ਦਾ ਨਿਰਮਾਣ 1952-53 ਵਿਚ ਹੋਇਆ। ਫਤਿਹਾਬਾਦ ਤੋਂ ਨਹਿਰ ਪੰਜਾਬ ਖੇਤਰ ਵਿਚ ਪ੍ਰਵੇਸ਼ ਕਰਦੀ ਹੈ ਅਤੇ ਇਸ ਤੋਂ ਬਾਅਦ ਸਿਰਸਾ ਪਹੁੰਚਦੀ ਹੈ। ਸਿਰਸਾ ਵਿਚ ਸਿੱਧੇ ਇਸ ਨਹਿਰ ’ਤੇ 24605 ਏਕੜ ਦਾ ਰਕਬਾ ਹੈ, ਜਦਕਿ ਇਸੇ ਦੇ ਨਾਲ ਦੜਬੀ ਮਾਈਨਰ, ਭੰਭੂਰ ਮਾਈਨਰ, ਸਲਾਰਪੁਰ ਮਾਈਨਰ ਤੇ ਮੰਗਾਲਾ ਸਬ ਮਾਈਨਰ ਜੁੜੇ ਹੋਏ ਹਨ। ਇਸ ਨਹਿਰ ਤੋਂ ਪੰਜਾਬ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਫਤਿਹਾਬਾਦ ਤੋਂ ਨਹਿਰ ਵਿਚ ਪੂਰਾ ਪਾਣੀ ਸਿਰਸਾ ਲਈ ਛੱਡਿਆ ਜਾਂਦਾ ਹੈ। 16 ਕਿਮੀ ਦੀ ਦੂਰੀ ਤੋਂ ਬਾਅਦ ਸਿਰਸਾ ਵਿਚ ਨਹਿਰ ਪ੍ਰਵੇਸ਼ ਕਰਦੀ ਹੈ ਜਿਥੇ ਆਰਡੀ-108 ’ਤੇ ਪਾਣੀ ਦੀ ਮਾਤਰਾ ਮਾਪੀ ਜਾਂਦੀ ਹੈ। ਇਥੇ ਲਗਭਗ 50ਤੋਂ 70 ਕਿਊਸੇਕ ਪਾਣੀ ਹਰ ਸਮੇਂ ਘੱਟ ਮਿਲਦਾ ਹੈ। ਮਤਲਬ ਇੰਨਾ ਪਾਣੀ ਪੰਜਾਬ ਵਿਚ ਹੀ ਸਿਰਸਾ ਦੇ ਹਿੱਸੇ ਦਾ ਨਾਜਾਇਜ਼ ਤੌਰ ’ਤੇ ਚੁੱਕ ਲਿਆ ਗਿਆ। 53 ਹਜ਼ਾਰ ਫੀਟ ਦੇ ਇਸ ਏਰੀਆ ਵਿਚ ਪਾਣੀ ਚੋਰੀ ਰੋਕਣਾ ਸਿਰਸਾ ਲਈ ਸੌਖਾ ਨਹੀਂ ਹੈ। ਪਾਣੀ ਚੋਰੀ ਨਾਲ ਸਿਰਸਾ ਨਹਿਰ ’ਤੇ ਪੈਣ ਵਾਲੇ 58 ਪਿੰਡਾਂ ਨੂੰ ਸਿੱਧਾ ਨੁਕਸਾਨ ਹੈ।
ਸਿਰਸਾ ਦੇ ਸੁਪਰਡੈਂਟ ਇੰਜੀਨੀਏਅਰ ਆਤਮਾ ਰਾਮ ਭਾਂਭੂ ਦਾ ਕਹਿਣਾ ਹੈ ਕਿ ਸੁਖਚੈਨ ਮਾਈਨਰ ਤੋਂ ਵੱਡੀ ਮਾਤਰਾ ਵਿਚ ਪਾਣੀ ਚੋਰੀ ਹੋ ਰਿਹਾ ਹੈ। ਪਾਣੀ ਦੀ ਚੋਰੀ ਰੋਕਣ ਲਈ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਏਘ ਨੇ ਪੰਜਾਬ ਦੇ ਨਾਲ ਮੀਟਿੰਗ ਕੀਤੀ ਸੀ ਪਰ ਪੰਜਾਬ ਦੇ ਹਿੱਸੇ ਵਿਚ ਪਾਣੀ ਚੋਰੀ ਨਹੀਂ ਰੁਕ ਰਹੀ। ਰੋਜ਼ਾਨਾ 50 ਕਿਊਸੇਕ ਪਾਣੀ ਚੋਰੀ ਹੋ ਰਿਹਾ ਹੈ। ਪਾਣੀ ਚੋਰੀ ਨੂੰ ਲੈ ਕੇ ਹੁਣ ਫਿਰ ਪੰਜਾਬ ਦੇ ਨਹਿਰ ਵਿਭਾਗ ਨੂੰ ਰਿਮਾਈਂਡਰ ਭੇਜਿਆ ਗਿਆ ਹੈ। ਫਤਿਹਾਬਾਦ ਤੋਂ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਦੇ ਹਿੱਸੇ ਵਿਚ ਵਿਚ ਪਾਣੀ ਚੋਰੀ ਹੋ ਜਾਂਦਾ ਹੈ ਜਿਸ ਨਾਲ ਸਿਰਸਾ ਨੂੰ ਨੁਕਸਾਨ ਹੋ ਰਿਹਾ ਹੈ।