ਖੰਨਾ ਸਿਵਲ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਦੇ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਨੇ ਵੱਡੀ ਕਾਰਵਾਈ ਕਰਦਿਆਂ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਖੰਨਾ ਸਿਵਲ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇੱਕ ਨਵਜੰਮੀ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਦੀ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਡਿਊਟੀ ‘ਤੇ ਹੋਣ ਦੇ ਬਾਵਜੂਦ ਡਾ. ਕਵਿਤਾ ਬਿਨਾਂ ਕਿਸੇ ਜਾਣਕਾਰੀ ਦੇ ਹਸਪਤਾਲ ਤੋਂ ਚਲੀ ਗਈ। ਐਮਰਜੈਂਸੀ ਦੌਰਾਨ ਐੱਸ.ਐੱਮ.ਓ. ਨੇ ਖੁਦ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਨਵਜੰਮੀ ਦੀ ਜਾਨ ਨਹੀਂ ਬਚਾਈ ਜਾ ਸਕੀ, ਹਾਲਾਂਕਿ ਐਸਐਮਓ ਨੇ ਖੁਦ ਆਪ੍ਰੇਸ਼ਨ ਕਰਕੇ ਮਾਂ ਦੀ ਜਾਨ ਬਚਾਈ।

ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਖੁਦ ਖੰਨਾ ਸਿਵਲ ਹਸਪਤਾਲ ਪਹੁੰਚੇ ਅਤੇ ਡਾ. ਕਵਿਤਾ ਸ਼ਰਮਾ ਨੂੰ ਮੌਕੇ ‘ਤੇ ਹੀ ਸਸਪੈਂਡ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਡਾਕਟਰ ਵਿਰੁੱਧ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਸਮਝਾਇਆ ਵੀ ਗਿਆ ਸੀ, ਪਰ ਇੰਨੀ ਵੱਡੀ ਲਾਪਰਵਾਹੀ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਕੋਈ ਗਲਤੀ ਨਹੀਂ, ਸਗੋਂ ਇੱਕ ਅਪਰਾਧ ਹੈ।
ਇਹ ਵੀ ਪੜ੍ਹੋ : ਰਾਜਸਥਾਨ ‘ਚ ਦ.ਰ.ਦਨਾ/ਕ ਹਾ/ਦ/ਸਾ, ਸਰਕਾਰੀ ਸਕੂਲ ਦੀ ਡਿੱ/ਗੀ ਛੱਤ, 4 ਮੌ/ਤਾਂ ਦਾ ਖਦਸ਼ਾ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਜਾਂਚ ਵਿੱਚ ਡਾਕਟਰ ਦੀ ਲਾਪਰਵਾਹੀ ਸਾਬਤ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਸਿਰਫ਼ ਮੁਅੱਤਲੀ ਤੱਕ ਸੀਮਤ ਨਹੀਂ ਹੋਵੇਗੀ, ਸਗੋਂ ਹੋਰ ਜਾਂਚ ਤੋਂ ਬਾਅਦ ਡਾਕਟਰ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਅਤੇ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮਿਸਾਲੀ ਸਜ਼ਾ ਦਿੱਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਕੋਈ ਵੀ ਡਾਕਟਰ ਅਜਿਹੀ ਲਾਪਰਵਾਹੀ ਨਾ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -:
























