ਪੰਜਾਬ ਦੇ ਬਠਿੰਡਾ ਦੇ ਮਹਾਂ ਸਿੰਘ ਵਾਲਾ ਮਹਿਰਾਜ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਸੰਚਾਲਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਠਿੰਡਾ ਦੇ ਪਿੰਡ ਸੂਚ ਦੇ ਵਾਸੀ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਦੋਵਾਂ ਖਿਲਾਫ ਇੰਡੀਅਨ ਮੈਡੀਕਲ ਕੌਂਸਲ ਐਕਟ 1956 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਫਿਲਹਾਲ ਦੋਵੇਂ ਦੋਸ਼ੀ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ‘ਚ ਲੱਗੀ ਹੋਈ ਹੈ। ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦੀ ਸੂਚਨਾ ਮਿਲਣ ’ਤੇ ਡੀਸੀ ਬਠਿੰਡਾ ਅਤੇ ਸਿਵਲ ਸਰਜਨ ਦੇ ਹੁਕਮਾਂ ’ਤੇ ਪ੍ਰਸ਼ਾਸਨਿਕ ਤੇ ਪੁਲੀਸ ਟੀਮ ਨੇ ਛਾਪਾ ਮਾਰਿਆ। ਇਸ ਦੌਰਾਨ ਸੈਂਟਰ ਵਿੱਚ ਬੰਦੀ ਬਣਾਏ 20 ਮਰੀਜ਼ ਪਾਏ ਗਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ 1-1 ਸਾਲਾਂ ਤੋਂ ਉੱਥੇ ਰਹਿ ਰਹੇ ਸਨ। ਇੱਥੋਂ ਤੱਕ ਕਿ ਸੈਂਟਰ ਵਿੱਚ ਸਟਾਫ਼ ਵਜੋਂ ਕੰਮ ਕਰਦੇ 10 ਵਿਅਕਤੀ ਵੀ ਪਾਏ ਗਏ, ਜੋ ਖ਼ੁਦ ਨਸ਼ੇ ਦੇ ਆਦੀ ਹਨ। ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਨਸ਼ੇੜੀਆਂ ਆਦਿ ‘ਤੇ ਨਜ਼ਰ ਰੱਖਣ। ਪ੍ਰਸ਼ਾਸਨਿਕ ਟੀਮ ਨੂੰ ਮੌਕੇ ’ਤੇ ਕੋਈ ਡਾਕਟਰ ਜਾਂ ਅਪਰੇਟਰ ਨਹੀਂ ਮਿਲਿਆ। ਇਸ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਨੇ ਗੇਟ ਨੂੰ ਸੀਲ ਕਰਕੇ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਕੇਂਦਰ ਵਿੱਚ ਬੰਦੀ ਬਣਾਏ ਗਏ ਜ਼ਿਆਦਾਤਰ ਮਰੀਜ਼ ਬਠਿੰਡਾ ਦੇ ਵਸਨੀਕ ਹਨ। ਸੈਂਟਰ ਵਿੱਚ ਬਤੌਰ ਸਟਾਫ਼ ਰਹਿ ਰਹੇ ਹੋਰ 10 ਵਿਅਕਤੀਆਂ ਨੂੰ ਪ੍ਰਸ਼ਾਸਨ ਦੀ ਜਾਂਚ ਟੀਮ ਨੇ ਪੁਲੀਸ ਹਵਾਲੇ ਕਰ ਦਿੱਤਾ ਹੈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਕਈ ਸਾਲਾਂ ਤੋਂ ਚੱਲ ਰਿਹਾ ਸੀ। ਬਠਿੰਡਾ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਨਸ਼ੇ ਦੇ ਆਦੀ ਲੋਕ ਇੱਥੇ ਲਿਆਂਦੇ ਗਏ ਹਨ। ਪਰ ਹੁਣ ਤੱਕ ਬਠਿੰਡਾ ਪੁਲਿਸ ਜਾਂ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਵੇਲੇ ਵੀ ਕੇਂਦਰ ਵਿੱਚ 1-1 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕ ਮਿਲਦੇ ਸਨ। ਪੁਲਿਸ-ਪ੍ਰਸ਼ਾਸ਼ਨ ਦੀਆਂ ਟੀਮਾਂ ਨੇ ਮਰੀਜ਼ਾਂ ਸਮੇਤ ਉਥੇ ਡਿਊਟੀ ਕਰ ਰਹੇ ਸਟਾਫ਼ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।