illegal liquor seized: ਵਿਧਾਨ ਸਭਾ ਹਲਕਾ ਖੇਮਕਰਨ ਦੇ ਪੁਲਿਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਮਹਿਮੂਦਪੁਰਾ ਵਿਖੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵਲਟੋਹਾ ਦੇ ਸਾਂਝੇ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਨਜਾਇਜ ਸ਼ਰਾਬ ,ਲਾਹਣ, ਚਾਲੂ ਭੱਠੀਆਂ ਅਤੇ ਸ਼ਰਾਬ ਬਨਾਉਣ ਦੇ ਮਟੀਰੀਅਲ ਸਮੇਤ ਇਕ ਔਰਤ ਅਤੇ ਕੁਝ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਿੰਡ ਮਹਿਮੂਦਪੁਰਾ ਇਸ ਕਰਕੇ ਵੀ ਖਾਸ ਹੈ ਕਿਉਂਕਿ ਹਲਕਾ ਖੇਮਕਰਨ ਦਾ ਇਹ ਪਿੰਡ ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦਾ ਜੱਦੀ ਅਤੇ ਰਿਹਾਇਸ਼ੀ ਪਿੰਡ ਹੈ।
ਇਥੋਂ ਦੇ ਬਸ਼ਿੰਦੇ ਪਹਿਲਾਂ ਵੀ ਕਈ ਵਾਰ ਨਜਾਇਜ ਸ਼ਰਾਬ ਕੱਢਣ ਅਤੇ ਵੇਚਣ ਦੇ ਦੋਸ਼ ਵਿਚ ਪੁਲਿਸ ਵਲੋਂ ਕਾਬੂ ਕੀਤੇ ਗਏ ਹਨ। ਅੱਜ ਇਕ ਵਾਰ ਫਿਰ ਤੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਇਕ ਵੱਡੇ ਪੱਧਰ ਅਪ੍ਰੇਸ਼ਨ ਨੂੰ ਅੰਜਾਮ ਦੇਂਦੇ ਹੋਏ ਭਾਰੀ ਮਾਤਰਾ ਵਿਚ ਲਾਹਣ ਅਤੇ ਦੇਸੀ ਸ਼ਰਾਬ ਫੜੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਥਾਣਾ ਮੁਖੀ ਵਲਟੋਹਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਸੀ ਕਿ ਪਿੰਡ ਮਹਿਮੂਦਪੁਰਾ ਤੇ ਬਲਿਆਵਾਲਾ ਵਿਖੇ ਕੁਝ ਲੋਕ ਨਜਾਇਜ਼ ਸ਼ਰਾਬ ਬਣਾ ਕੇ ਵੇਚਦੇ ਹਨ। ਜਿਨ੍ਹਾਂ ਨੂੰ ਕਾਬੂ ਕਰਨ ਲਈ ਅੱਜ ਛਾਪੇਮਾਰੀ ਕੀਤੀ ਗਈ।