ਪਿਛਲੀ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਚਰਨਜੀਤ ਚੰਨੀ ਦੇ ਕਰੀਬੀ ਠੇਕੇਦਾਰ ਇਕਬਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਦੋਸ਼ ਹੈ । ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਜਿੰਦਾਪੁਰ ਵਿੱਚ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਸੀ । ਹਾਲਾਂਕਿ ਉਸ ਸਮੇਂ CM ਚੰਨੀ ਨੇ ਇਸ ਨੂੰ ਨਕਾਰ ਦਿੱਤਾ ਸੀ। ਇਕਬਾਲ ਸਿੰਘ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ਗਏ ਸਨ।
ਰੋਪੜ ਜੰਗਲਾਤ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਲਈ 2 ਪੱਤਰ ਭੇਜੇ ਸਨ । ਪਹਿਲਾ ਪੱਤਰ 18 ਨਵੰਬਰ 2021 ਨੂੰ ਭੇਜਿਆ ਗਿਆ ਸੀ। ਫਾਰੈਸਟ ਰੇਂਜ ਅਫ਼ਸਰ ਰਾਜਵੰਤ ਸਿੰਘ ਨੇ ਪੱਤਰ ਵਿੱਚ ਲਿਖਿਆ ਹੈ ਕਿ ਇਕਬਾਲ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਪੋਕਲੇਨ ਚਲਾ ਕੇ ਰੇਤ ਕੱਢੀ ਹੈ। ਜਿਸ ਕਾਰਨ 530 ਪੌਦੇ ਵੀ ਨੁਕਸਾਨੇ ਗਏ । ਇਸ ਤੋਂ ਬਾਅਦ ਉਨ੍ਹਾਂ ਨੇ 22 ਨਵੰਬਰ ਨੂੰ ਚਮਕੌਰ ਸਾਹਿਬ ਦੇ ਐਸ.ਡੀ.ਐਮ. ਨੂੰ ਇੱਕ ਪੱਤਰ ਭੇਜਿਆ। ਜਿਸ ਵਿੱਚ ਕਿਹਾ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਹਾਲਾਂਕਿ ਕੁਝ ਦਿਨਾਂ ਬਾਅਦ ਹੀ ਪੱਤਰ ਲਿਖਣ ਵਾਲੇ ਅਧਿਕਾਰੀ ਨੂੰ ਬਦਲ ਦਿੱਤਾ ਗਿਆ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ : ਇੰਟਰਪੋਲ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਹੇ ਰਾਘਵ ਚੱਢਾ ਨੇ ਪਿੰਡ ਜਿੰਦਾਪੁਰ ਵਿੱਚ ਛਾਪਾ ਮਾਰਿਆ ਸੀ । ਉਨ੍ਹਾਂ ਕਿਹਾ ਸੀ ਕਿ ਇੱਥੇ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਿਸ ਦਾ ਸਮਰਥਨ ਸੀਐਮ ਚਰਨਜੀਤ ਚੰਨੀ ਕਰ ਰਹੇ ਹਨ । ਉਸ ਸਮੇਂ CM ਚੰਨੀ ਚਮਕੌਰ ਸਾਹਿਬ ਤੋਂ ਵਿਧਾਇਕ ਵੀ ਸਨ । ਹਾਲਾਂਕਿ ਬਾਅਦ ਵਿੱਚ ਚੰਨੀ ਖੁਦ ਉੱਥੇ ਪਹੁੰਚੇ । ਉਨ੍ਹਾਂ ਕਿਹਾ ਕਿ ਇੱਥੇ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ । ਇਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਦਾਅਵਾ ਕੀਤਾ ਸੀ ਕਿ ਇਕਬਾਲ ਸਿੰਘ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਸਭ ਤੋਂ ਵੱਡਾ ਠੇਕੇਦਾਰ ਹੈ।
ਦੱਸ ਦੇਈਏ ਕਿ ਇਸ ਸਬੰਧੀ ਥਾਣਾ ਚਮਕੌਰ ਸਾਹਿਬ ਦੇ ਐਸਐਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਜੰਗਲਾਤ ਵਿਭਾਗ ਤੋਂ ਰਿਪੋਰਟ ਮੰਗੀ ਸੀ। ਜਿਸ ਵਿੱਚ ਇਕਬਾਲ ਸਿੰਘ ਦਾ ਰੋਲ ਸਾਹਮਣੇ ਆਇਆ ਹੈ। ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: