ਪੰਜਾਬ ਵਿੱਚ 24 ਸਾਲਾਂ ਵਿੱਚ ਦੂਜੀ ਵਾਰ 17 ਦਿਨ ਪਹਿਲਾਂ 13 ਜੂਨ ਨੂੰ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ । ਮਾਨਸੂਨ ਨੇ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਨੂੰ ਵੀ ਕਵਰ ਕਰ ਲਿਆ ਹੈ ।
ਇਸ ਬਾਰੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24-48 ਘੰਟਿਆਂ ਦੌਰਾਨ ਪੱਛਮੀ ਸਿਸਟਮ ਤੇ ਮਾਨਸੂਨ ਨਮੀ ਦੋਵਾਂ ਕਾਰਨ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿੱਚ ਠੰਡੀਆਂ ਹਵਾਵਾਂ ਨਾਲ ਦਰਮਿਆਨੇ ਤੋਂ ਭਾਰੀ ਮੀਂਹ ਦੀ ਓੁਮੀਦ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, ਭਿਆਨਕ ਹਾਦਸੇ ‘ਚ ਮਾਂ-ਧੀ ਦੀ ਦਰਦਨਾਕ ਮੌਤ
ਦਰਅਸਲ, ਮੌਸਮ ਵਿਭਾਗ ਅਨੁਸਾਰ ਅੱਜ ਤੇ ਕੱਲ੍ਹ ਯਾਨੀ ਕਿ 15-16 ਜੂਨ ਨੂੰ ਪੰਜਾਬ ਵਿੱਚ ਖਾਸਕਰ ਦੱਖਣੀ ਮਾਲਵੇ, ਹਰਿਆਣੇ ਤੇ ਰਾਜਸਥਾਨ ਨਾਲ ਲਗਦੇ ਇਲਾਕੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਇਸਦੀ ਸ਼ੁਰੂਆਤ 15 ਜੂਨ ਯਾਨੀ ਕਿ ਅੱਜ ਤੋਂ ਸੂਬੇ ਦੇ ਦੱਖਣ-ਪੱਛਮੀ ਹਿੱਸਿਆਂ ਤੋਂ ਹੋ ਕੇ 16 ਜੂਨ ਤੱਕ ਦੱਖਣ-ਪੂਰਬੀ ਪੰਜਾਬ ਦੇ ਸਮੇਤ ਹਰਿਆਣੇ ਦੇ ਕੁਝ ਇਲਾਕਿਆਂ ਵਿੱਚ ਬਣੀ ਰਹੇਗੀ ।
ਸੂਬੇ ਵਿੱਚ ਇਹ ਬਰਸਾਤੀ ਹਲਚਲ ਵੀਰਵਾਰ ਯਾਨੀ ਕਿ 17 ਜੂਨ ਤੱਕ ਬਣੀ ਰਹਿ ਸਕਦੀ ਹੈ, ਇਸਦੇ ਤਹਿਤ ਕਿਤੇ-ਕਿਤੇ ਤੂਫ਼ਾਨ ਤੇ ਗੜ੍ਹੇਮਾਰੀ ਦੀ ਆਸ ਵੀ ਰਹੇਗੀ । ਮੌਸਮ ਵਿਭਾਗ ਵੱਲੋਂ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੋਹਾਲੀ ਕੈਂਥਲ, ਕੁਰਕਸ਼ੇਤਰ, ਅੰਬਾਲਾ, ਯਮੁਨਾਗਰ, ਰੋਪੜ, ਚੰਡੀਗੜ੍ਹ ਤੇ ਪੰਚਕੂਲਾ ਜਿਲ੍ਹਿਆਂ ਵਿੱਚ ਭਾਰੀ ਬਾਰਿਸ਼ ਪੈਣ ਦੇ ਆਸਾਰ ਹਨ ।
ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ, ਮੁਕਤਸਰ ਸਾਹਿਬ, ਗੰਗਾਨਗਰ, ਹਨੂੰਮਾਨਗੜ੍ਹ, ਬਠਿੰਡਾ, ਮਾਨਸਾ, ਸੰਗਰੂਰ, ਸਿਰਸਾ, ਫ਼ਤਿਹਾਬਾਦ ਵਿੱਚ ਵੀ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ।
ਦੱਸ ਦੇਈਏ ਕਿ ਮਾਨਸੂਨ ਓੁੱਤਰ-ਪੂਰਬੀ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਮਾਨਸੂਨ ਪਹੁੰਚਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਇਸ ਮੀਂਹ ਨਾਲ ਹੀ ਬਾਕੀ ਸੂਬੇ ਵਿੱਚ ਵੀ ਮਾਨਸੂਨ ਦਾ ਐਲਾਨ ਭਾਰਤੀ ਮੌਸਮ ਵਿਭਾਗ ਵੱਲੋਂ ਕੀਤਾ ਜਾ ਸਕਦਾ ਹੈ।