ਉੱਤਰ ਭਾਰਤ ਵਿੱਚ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ। ਐਤਵਾਰ ਨੂੰ ਬਠਿੰਡਾ ਵਿੱਚ ਰਾਤ ਦਾ ਤਾਪਮਾਨ 4.2 ਡਿਗਰੀ ਸੈਲਸੀਅਸ ‘ਤੇ ਆ ਗਿਆ, ਜੋ ਆਮ ਨਾਲੋਂ 4 ਡਿਗਰੀ ਘੱਟ ਹੈ। ਉੱਥੇ ਹੀ ਐਤਵਾਰ ਸਵੇਰੇ ਦੁਆਬਾ, ਮਾਲਵਾ ਤੇ ਮਾਝਾ ਦੇ ਕਈ ਇਲਾਕਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਇੱਕ ਵਾਰ ਫਿਰ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਯਾਨੀ ਕਿ 9 ਫਰਵਰੀ ਨੂੰ ਸੂਬੇ ਵਿੱਚ ਮੌਸਮ ਇੱਕ ਵਾਰ ਫਿਰ ਆਪਣਾ ਮਿਜਾਜ਼ ਬਦਲੇਗਾ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਬੁੱਧਵਾਰ ਨੂੰ ਬਾਰਿਸ਼ ਹੋਣ ਦਾ ਅਨੁਮਾਨ ਹੈ। ਪੱਛਮੀ ਗੜਬੜੀ ਐਕਟਿਵ ਹੋਣ ਕਾਰਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਿਸ਼ ਪਵੇਗੀ। ਇਸਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਇਸਦੇ ਨਾਲ ਹੀ ਪਹਾੜਾਂ ‘ਤੇ ਭਾਰੀ ਬਰਫਬਾਰੀ ਵੀ ਹੋਵੇਗੀ। ਇਸ ਤੋਂ ਇਲਾਵਾ ਉੱਤਰਾਖੰਡ ਵਿੱਚ ਮੰਗਲਵਾਰ ਤੋਂ ਹਲਕੀ ਬਾਰਿਸ਼ ਤੇ ਬਰਫਬਾਰੀ ਦੇ ਆਸਾਰ ਹਨ।
ਮੌਸਮ ਵਿਭਾਗ ਅਨੁਸਾਰ ਇਸ ਤੋਂ ਪਹਿਲਾਂ ਲੋਕਾਂ ਨੂੰ 2 ਦਿਨ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਪੱਛਮੀ ਗੜਬੜੀ ਕਾਰਨ 8 ਫਰਵਰੀ ਦੀ ਰਾਤ ਨੂੰ ਹੀ ਮੌਸਮ ਕਰਵਟ ਲੈ ਲਵੇਗਾ। ਮੌਸਮ ਵਿਭਾਗ ਅਨੁਸਾਰ 9 ਫਰਵਰੀ ਯਾਨੀ ਕਿ ਬੁੱਧਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਉੱਥੇ ਹੀ ਦੂਜੇ ਪਾਸੇ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਸੈਲਾਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ।
IMD ਅਨੁਸਾਰ 8 ਫਰਵਰੀ ਤੋਂ ਪੱਛਮੀ ਗੜਬੜੀ ਫਿਰ ਤੋਂ ਐਕਟਿਵ ਹੋ ਜਾਵੇਗੀ। ਜਿਸ ਕਾਰਨ ਮੱਧ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਤੇ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 9 ਫਰਵਰੀ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਬਰਫਬਾਰੀ ਤੇ ਬਾਰਿਸ਼ ਹੋਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਪੱਛਮੀ ਗੜਬੜੀ ਦਾ ਅਸਰ 11 ਫਰਵਰੀ ਤੱਕ ਜਾਰੀ ਰਹੇਗਾ। ਦੱਸ ਦੇਈਏ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਤਿੰਨ ਨੈਸ਼ਨਲ ਹਾਈਵੇ ਸਣੇ ਹਾਲੇ ਵੀ 423 ਸੜਕਾਂ ‘ਤੇ ਆਵਾਜਾਈ ਬੰਦ ਹੈ। ਸੂਬੇ ਵਿੱਚ 92 ਪਾਣੀ ਦੀਆਂ ਯੋਜਨਾਵਾਂ ਵੀ ਪ੍ਰਭਾਵਿਤ ਹਨ।
ਵੀਡੀਓ ਲਈ ਕਲਿੱਕ ਕਰੋ -: