ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾ ਰਹੇ ਹਨ ਤੇ ਇਸੇ ਦੇ ਚੱਲਦਿਆਂ ਮਾਨ ਸਰਕਾਰ ਲਗਾਤਾਰ ਐਕਸ਼ਨ ਵਿਚ ਹੈ। ਇਸੇ ਨੀਤੀ ਅਧੀਨ ਗੁਰਦਾਸਪੁਰ ਦੇ ਪੁਲਿਸ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਨੂੰ ਗ੍ਰਿਫ਼ਤਾਰ ਕਰ ਕਰਨ ਦੀ ਖਬਰ ਸਾਹਮਣੇ ਆਈ ਹੈ। ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇੰਸਪੈਕਟਰ ਇੰਦਰਬੀਰ ਕੌਰ ਦੇ ਅਧੀਨ ਗੁਰਦਾਸਪੁਰ ਦੇ 13 ਪੁਲਿਸ ਸਾਂਝ ਕੇਂਦਰ ਆਉਂਦੇ ਸਨ। ਸਾਂਝ ਕੇਂਦਰ ਦੇ ਕਰਮਚਾਰੀਆਂ ਵੱਲੋਂ ਇੰਦਰਬੀਰ ਕੌਰ ‘ਤੇ ਉਨ੍ਹਾਂ ਤੋਂ ਪੈਸੇ ਲੈਣ ਦੇ ਦੋਸ਼ ਲਗਾਏ ਗਏ ਸਨ। ਇਸ ਮਗਰੋਂ ਪੁਲਿਸ ਵੱਲੋਂ ਇੰਦਰਬੀਰ ਕੌਰ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਂਚ ਤੋਂ ਬਾਅਦ ਸਬੰਧਤ ਵਿਭਾਗ ਦੀ ਕਾਰਵਾਈ ਵਿੱਚ ਇੰਦਰਬੀਰ ਕੌਰ ਨੂੰ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਦਰਬੀਰ ਕੌਰ ਵੱਲੋਂ ਪੈਸੇ ਦੀ ਮੰਗ ਅਤੇ ਕੀਤੇ ਲੈਣ-ਦੇਣ ਦੇ ਪੁਖਤਾ ਸਬੂਤ ਸਾਹਮਣੇ ਆ ਗਏ ਹਨ। ਹੋਰ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਕ੍ਰਿਕਟ ਐਸੋਸੀਏਸ਼ਨ ਚੋਣਾਂ ਦਾ ਨਤੀਜਾ ਅੱਜ, MLA ਕੁਲਵੰਤ ਸਣੇ ਕਈ ਆਪ ਆਗੂ ਮੈਦਾਨ ‘ਚ
ਇਹ ਮੰਨਿਆ ਜਾ ਰਿਹਾ ਹੈ ਕਿ ਇਸ ਭ੍ਰਿਸ਼ਟਾਚਾਰ ਦੇ ਜਾਲ ਵਿੱਚ ਹੋਰ ਕਰਮਚਾਰੀ ਸ਼ਾਮਲ ਹੋ ਸਕਦੇ ਹਨ ਜਾਂ ਦਬਾਅ ਹੇਠ ਪੈਸੇ ਦੇਣ ਲਈ ਮਜਬੂਰ ਕੀਤੇ ਗਏ ਹੋ ਸਕਦੇ ਹਨ। ਪੁਲਿਸ ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਹੋਰ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਲੋੜ ਪੈਣ ‘ਤੇ ਕਾਰਵਾਈ ਦਾ ਦਾਇਰਾ ਵਧਾਇਆ ਜਾਵੇਗਾ।
ਲੋਕਾਂ ਨੂੰ ਐਫਆਈਆਰ ਦੀ ਕਾਪੀ, ਕੈਰੇਕਟਰ ਸਰਟੀਫਿਕੇਟ, ਪੁਲਿਸ ਤਸਦੀਕ, ਪਾਸਪੋਰਟ ਰਿਪੋਰਟ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਪੁਲਿਸ ਸਾਂਝ ਕੇਂਦਰ ਬਣਾਇਆ ਗਿਆ ਹੈ। ਅਜਿਹੇ ਕੇਂਦਰ ਦੇ ਇੰਚਾਰਜ ਵੱਲੋਂ ਭ੍ਰਿਸ਼ਟਾਚਾਰ ਪੂਰੇ ਸਿਸਟਮ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























