Jalandhar youth commits : ਜਲੰਧਰ : ਬੁੱਧਵਾਰ ਨੂੰ ਇੱਕ ਨੌਜਵਾਨ ਨੇ ਗੱਡੀ ਦੇ ਹੇਠਾਂ ਆ ਕੇ ਆਤਮਹੱਤਿਆ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਾਈਵ ਹੋ ਕੇ ਇਸ ਬਾਰੇ ਸੂਚਨਾ ਵੀ ਦਿੱਤੀ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਕਹਿ ਰਿਹਾ ਹੈ, ਮੇਰੀ ਸਿਰਫ ਇੱਕ ਗੱਲ ਮੰਨ ਲੈਣਾ, ਮੇਰਾ ਭਰਾ ਤੇ ਮੇਰੀ ਮਾਂ ਨੂੰ ਮੇਰੀ ਅਰਥੀ ਨੂੰ ਮੋਢਾ ਵੀ ਨਾ ਦੇਣ ਦੇਣਾ। ਉਹ ਮੈਨੂੰ ਹੱਥ ਵੀ ਨਾ ਲਗਾਉਣ। ਉਨ੍ਹਾਂ ਨੂੰ ਮੇਰੀ ਸ਼ਕਲ ਵੀ ਨਾ ਦਿਖਾਉਣਾ।’ ਜੀ. ਆਰ. ਪੀ. ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਉਣ ਦੇ ਨਾਲ ਹੀ ਉਸ ਦੇ ਰਿਹਾਇਸ਼ੀ ਇਲਾਕੇ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਮ੍ਰਿਤਕ ਦੀ ਪਛਾਣ ਬਸਤੀ ਬਾਵਾ ਖੇਲ ਦੇ ਅਮਿਤ ਕੁਮਾਰ ਵਜੋਂ ਹੋਈ ਹੈ ਜਿਸ ਨੇ ਜਲੰਧਰ-ਲੁਧਿਆਣਾ ਹਾਈਵੇ ਸਥਿਤ ਵੀਵਾ ਕੋਲਾਜ ਮਾਲ ਦੇ ਪਿੱਛੇ ਰੇਲਵੇ ਟਰੈਕ ‘ਤੇ ਗੱਡੀ ਅੱਗੇ ਆ ਕੇ ਆਪਣੀ ਜਾਨ ਦੇ ਦਿੱਤੀ। ਜੀ. ਆਰ. ਪੀ. ਦੇ ਐੱਸ. ਆਈ. ਅਸ਼ੋਕ ਕੁਮਾਰ ਨੇ ਕਿਹਾ ਕਿ ਲਾਸ਼ ਮਿਲਣ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਾਲ ਹੀ ਇਸ ਬਾਰੇ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਇਸੰਪੈਕਟਰ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਜੀ. ਆਰ. ਪੀ. ਤੋਂ ਨੌਜਵਾਨ ਦੇ ਆਤਮਹੱਤਿਆ ਬਾਰੇ ਸੂਚਨਾ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਆਪਣੀ ਵੀਡੀਓ ‘ਚ ਅਮਿਤ ਨੇ ਕਿਹਾ, ”ਮੇਰਾ ਜੋ ਵੀ ਹੈ, ਜੋ ਵੀ ਮੈਂ ਆਪਣਾ ਬਣਾਇਆ ਹੈ ਜਾਂ ਜੋ ਵੀ ਮੇਰੇ ਪਿਤਾ ਦਾ ਹੈ, ਉਹ ਸਾਰਾ ਕੁਝ ਮੇਰੇ ਬੇਟੇ ਦਾ ਹੈ। ਮੈਂ ਸੁਸਾਈਡ ਕਰਨ ਲੱਗਾ ਹਾਂ। ਮੈਂ ਆਪਣੀ ਮਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਦੇ ਗਲਤ ਨਹੀਂ ਸੀ। ਬਸ ਤੂੰ ਮੈਨੂੰ ਸਮਝ ਨਹੀਂ ਸਕੀ। ਮਾਂ ਮੈਂ ਵੀ ਤੇਰਾ ਓਨਾ ਹੀ ਬੇਟਾ ਹਾਂ ਜਿੰਨਾ ਮਨੂੰ ਹੈ। ਪਰ ਤੂੰ ਮੈਨੂੰ ਸਮਝ ਨਹੀਂ ਸਕੀ। ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿੰਦਾ ਹਾਂ ਕਿ ਮੈਂ ਜੋ ਵੀ ਕਰ ਰਿਹਾ ਹਾਂ ਆਪਣੀ ਮਰਜ਼ੀ ਨਾਲ ਕਰ ਰਿਹਾ ਹਾਂ। ਕਿਸੇ ਨੂੰ ਕੁਝ ਨਾ ਕਿਹਾ ਜਾਵੇ। ਤੁਸੀਂ ਮੈਨੂੰ ਡਰਪੋਕ ਸਮਝੋ ਜਾਂ ਬੁਜ਼ਦਿਲ, ਜੋ ਮਰਜ਼ੀ ਸਮਝ ਲੈਣਾ। ਮਾਂ ਜਿੰਨਾ ਪਿਆਰ ਮੈਂ ਤੁਹਾਨੂੰ ਕੀਤਾ, ਤੂੰ ਸੋਚ ਵੀ ਨਹੀਂ ਸਕਦੀ। ਮੇਰੇ ‘ਤੇ ਝੂਠਾ ਇਲਜ਼ਾਮ ਲਗਾਇਆ ਗਿਆ। ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ। ਮੇਰੀ ਭੈਣ ਵੀ ਉਥੇ ਹੈ, ਉਸ ਕੋਲ ਜਾ ਰਿਹਾ ਹਾਂ। ਮੇਰੀ ਬੱਸ ਇਕੋ ਗੁਜ਼ਾਰਿਸ਼ ਹੈ ਕਿ ਮੇਰੀ ਅਰਥੀ ਨੂੰ ਮੇਰੀ ਮਾਂ ਤੇ ਭਰਾ ਹੱਥ ਨਾ ਦੇਣ।