Jathedar Baba Balbir : ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਤੇ ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਕੀਤੇ ਜਾ ਰਹੇ ‘ਤੇ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਪੂਰੇ ਦੇਸ਼ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਹੁਣ ਕੇਂਦਰ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਕੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਗਈ ਹੈ ਤੇ ਇਸ ਨਾਲ ਸੂਬੇ ਦਾ ਹਰ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਨਵੇਂ ਕਾਨੂੰਨਾਂ ਨੇ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ‘ਤੇ ਤੋਰ ਦਿੱਤਾ ਹੈ ਤੇ ਹੁਣ ਕੇਂਦਰ ਵੱਲੋਂ ਇਨ੍ਹਾਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।
ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਨਵੇਂ ਬਣੇ ਕਾਨੂੰਨਾਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਵੱਡੇ ਵਿਰੋਧ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਚਲਾਏ ਜਾ ਰਹੇ ਹਨ ਜਿਸ ਨਾਲ ਸੂਬੇ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਮਾਲਗੱਡੀਆਂ ਨਾ ਆਉਣ ਕਾਰਨ ਸੂਬੇ ‘ਚ ਕੋਲੇ ਦੀ ਘਾਟ ਪਾਈ ਜਾਣ ਲੱਗੀ ਹੈ ਤੇ ਸੰਭਾਵਨਾ ਹੈ ਕਿ ਕੁਝ ਦਿਨਾਂ ‘ਚ ਪੰਜਾਬ ‘ਚ ਬਲੈਕਆਊਟ ਹੋ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪ੍ਰਤੀ ਜ਼ਰੂਰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਤੇ ਜਲਦੀ ਤੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਮੇਂ ਦੀ ਸਥਿਤੀ ਨੂੰ ਸਮਝਦਿਆਂ ਕੋਈ ਢੁਕਵਾਂ ਯੋਗ ਹੱਲ ਕੱਢਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਵਰਗ ਸਾਂਤ ਹੋ ਸਕੇ। ਜਿਸ ਦਿੜ੍ਹਤਾ ਅਤੇ ਸਿਰੜ ਨਾਲ ਕਿਸਾਨ ਵਰਗ ਰੋਸ ਪ੍ਰਗਟਾਅ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਜੇ ਕੇਂਦਰ ਸਰਕਾਰ ਨੇ ਕੋਈ ਹਾਂ ਪੱਖੀ ਕਾਰਗਰ ਹੁੰਗਾਰਾ ਜਲਦ ਨਾ ਭਰਿਆ ਤਾਂ ਇਸ ਸੰਘਰਸ਼ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।ਸਥਿਤੀ ਹੋਰ ਵੀ ਬੇਹੱਦ ਗੰਭੀਰ ਤੇ ਨਾਜਕ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿਸਾਨਾਂ ਨਾਲ ਗੱਲਬਾਤ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਰਾਜਨੀਤੀ ਨਾ ਖੇਡੀ ਜਾਵੇ।ਕਿਸਾਨ ਆਗੂ ਵੀ ਗੱਲਬਾਤ ਸੁਚੇਤ ਤੇ ਦਲੀਲ ਨਾਲ ਕਰਨ।ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਬਿੱਲਾਂ ਦਾ ਭਾਵੇਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਵਿਰੋਧ ਕਰਨ ਲਈ ਕੇਂਦਰ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ।