ਪੰਜਾਬ ਦੇ ਮਾਨਸਾ ਵਿੱਚ ਗੈਂਗਸਟਰ ਲਾਰੈਂਸ ਗੈਂਗ ਦੇ ਨਾਂ ‘ਤੇ ਵਪਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਧਮਕੀ ਵਿੱਚ ਵਪਾਰੀਆਂ ਨੂੰ ਇੱਕ ਬੈਂਕ ਖਾਤੇ ਵਿੱਚ 2 ਲੱਖ ਰੁਪਏ ਪਾਉਣ ਲਈ ਕਿਹਾ ਜਾ ਰਿਹਾ ਹੈ । ਧਮਕੀ ਦੇਣ ਵਾਲੇ ਦਾ ਕਹਿਣਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਉਨ੍ਹਾਂ ਦਾ ਹਾਲ ਵੀ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਹੀ ਕਰਨਗੇ। ਜਿੱਥੇ ਮਿਲੇਗਾ, ਉੱਥੇ ਹੀ ਠੋਕ ਦਿਆਂਗੇ । ਅਸੀਂ ਪੁਲਿਸ ਤੋਂ ਨਹੀਂ ਡਰਦੇ । ਇਸ ਮਾਮਲੇ ਵਿੱਚ ਹੁਣ ਤੱਕ ਮਾਨਸਾ ਦੇ 4 ਵਪਾਰੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਪਹੁੰਚ ਚੁੱਕੇ ਹਨ।
ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਧਮਕੀ ਦੇਣ ਵਾਲੇ ਦਾ ਕਹਿਣਾ ਹੈ ਕਿ ਜੇਕਰ ਉਸਦਾ ਫ਼ੋਨ ਕੱਟਿਆ ਗਿਆ ਤਾਂ ਉਹ ਪੁਲਿਸ ਨੂੰ ਫ਼ੋਨ ਕਰੇ ਤੇ ਦੱਸੇ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਿੰਨੀ ਜਲਦੀ ਹੋ ਸਕੇ ਸਿਕਿਓਰਿਟੀ ਬੁਲਾ ਲਵੇ । ਮੈਂ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਹੈ ਕਿ ਉਹ ਤੇਰਾ ਪਿੱਛਾ ਕਰਨ ਤੇ ਤੈਨੂੰ ਉੱਥੇ ਹੀ ਠੋਕ ਦੇਣ। ਤੁਹਾਡੇ ‘ਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ। ਭੱਜ ਸਕਦੇ ਹੋ ਤਾਂ ਭੱਜ ਜਾਓ। ਨੰਬਰ ਬੰਦ ਕਰਨ ਜਾਂ ਫ਼ੋਨ ਕੱਟਣ ਨਾਲ ਕੁਝ ਨਹੀਂ ਹੋਵੇਗਾ । ਅਸੀਂ ਨਾ ਥਾਣੇ ਤੋਂ ਡਰਦੇ ਹਾਂ ਤੇ ਨਾ ਪੁਲਿਸ ਤੋਂ।
ਮਾਨਸਾ ਦੇ ਇੱਕ ਵਪਾਰੀ ਨੇ ਦੱਸਿਆ ਕਿ ਮੈਨੂੰ 1.15 ਵਜੇ ਫੋਨ ਆਇਆ । ਮੈਨੂੰ ਕਿਹਾ ਗਿਆ ਕਿ ਅਸੀਂ ਗੈਂਗਸਟਰ ਲਾਰੈਂਸ ਦੇ ਗੈਂਗ ਤੋਂ ਬੋਲ ਰਹੇ ਹਾਂ। ਜੇ ਜਾਨ ਪਿਆਰੀ ਹੈ ਤਾਂ ਸਾਨੂੰ 2 ਲੱਖ ਰੁਪਏ ਦੇ ਦਿਓ। ਨਹੀਂ ਤਾਂ ਜਿਵੇਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ, ਤੁਹਾਨੂੰ ਵੀ ਮਾਰ ਦਿਆਂਗੇ । ਮੈਨੂੰ ਇੱਕ ਵੀਡੀਓ ਵੀ ਭੇਜੀ ਗਈ ਹੈ। ਜਿਸ ਵਿੱਚ ਉਹ ਪਿਸਤੌਲ ਲੋਡ ਕਰ ਰਿਹਾ ਹੈ ਤੇ ਮੈਨੂੰ ਕਹਿ ਰਿਹਾ ਹੈ ਕਿ ਇਹ ਪਿਸਤੌਲ ਤੇਰੇ ਦਿਮਾਗ ਵਿੱਚ ਖਾਲੀ ਕਰਾਂਗੇ ।
ਇਸ ਸਬੰਧੀ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਜਿਸ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ, ਉਹ ਸਿਰਫ਼ 3 ਦਿਨ ਪਹਿਲਾਂ ਹੀ ਖੁੱਲ੍ਹਿਆ ਹੈ। ਧਮਕੀ ਦੇਣ ਵਾਲੇ ਦੀ ਲੋਕੇਸ਼ਨ ਵੀ ਬਿਹਾਰ ਦੀ ਆ ਰਹੀ ਹੈ। ਇਸ ਸਬੰਧੀ ਪੂਰਾ ਮਾਮਲਾ ਸਾਈਬਰ ਸੈੱਲ ਨੂੰ ਭੇਜ ਦਿੱਤਾ ਗਿਆ ਹੈ । ਧਮਕੀਆਂ ਦੇਣ ਵਾਲੇ ਜਲਦੀ ਹੀ ਫੜੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: