ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ੂਟਰਾਂ ਨੂੰ ਬਠਿੰਡਾ ਤੱਕ ਫਾਰਚੂਨਰ ਗੱਡੀ ਅਤੇ ਹਥਿਆਰ ਮੁਹੱਈਆ ਕਰਵਾਉਣ ਵਾਲੇ ਅੰਮ੍ਰਿਤਸਰ ਦੇ ਸਤਬੀਰ ਸਿੰਘ ‘ਤੇ ਸ਼ਨੀਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਜਾਨਲੇਵਾ ਹਮਲਾ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਉਦੋਂ ਹੋਇਆ ਜਦੋਂ ਮੁਲਜ਼ਮ ਬੈਰਕ ਵੱਲ ਜਾ ਰਿਹਾ ਸੀ। ਕੁਝ ਕੈਦੀਆਂ ਨੇ ਮੌਕਾ ਦੇਖ ਕੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਹਵਾਲਾਤੀ ਸਤਬੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਸੂਤਰਾਂ ਮੁਤਾਬਕ ਇਹ ਹਮਲਾ ਜੇਲ੍ਹ ਵਿੱਚ ਬੰਦ ਬੰਬੀਹਾ ਗਰੁੱਪ ਦੇ ਗੁਰਗਿਆਂ ਵੱਲੋਂ ਕੀਤਾ ਗਿਆ ਹੈ । ਸਤਬੀਰ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ ਅਤੇ ਟਾਂਕੇ ਲੱਗੇ ਹਨ । ਸਤਬੀਰ ਨੂੰ ਦੇਰ ਰਾਤ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਸ਼੍ਰੀਲੰਕਾ ਸੰਕਟ : ਪ੍ਰਦਰਸ਼ਨਾਂ ਵਿਚਾਲੇ PM ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ!
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਦੇ ਕਰੀਬੀ ਅਤੇ ਉਸ ਦੇ ਗੈਂਗ ਲਈ ਕੰਮ ਕਰਨ ਵਾਲੇ ਟਰਾਂਸਪੋਰਟਰ ਬਲਦੇਵ ਚੌਧਰੀ ਤੋਂ ਪੁੱਛਗਿੱਛ ਤੋਂ ਬਾਅਦ ਲੁਧਿਆਣਾ ਪੁਲਿਸ ਨੇ 29 ਜੂਨ ਨੂੰ ਅੰਮ੍ਰਿਤਸਰ ਦੇ ਸਤਬੀਰ, ਜੋ ਕਿ ਘੋੜਿਆਂ ਦੇ ਸਟੱਡ ਫਾਰਮ ਚਲਾਉਂਦਾ ਸੀ, ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਸਤਬੀਰ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ।
ਪੁਲਿਸ ਅਨੁਸਾਰ ਸਤਬੀਰ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ ਸੰਦੀਪ ਕਾਹਲੋਂ ਦੇ ਕਹਿਣ ’ਤੇ ਬਠਿੰਡਾ ਗਿਆ ਸੀ । ਬਠਿੰਡਾ ਪਹੁੰਚ ਕੇ ਸਤਬੀਰ ਨੇ ਹਥਿਆਰ ਰਿਸੀਵ ਕੀਤੇ ਅਤੇ ਸ਼ੂਟਰਾਂ ਨੂੰ ਸਪਲਾਈ ਕੀਤੇ। ਸਤਬੀਰ ਉਹ ਵਿਅਕਤੀ ਹੈ ਜਿਸ ਨੇ ਸ਼ੂਟਰਾਂ ਨੂੰ ਬਠਿੰਡਾ ਜਾਣ ਲਈ ਆਪਣੀ ਫਾਰਚੂਨਰ ਕਾਰ ਮੁਹੱਈਆ ਕਰਵਾਈ ਸੀ।
ਵੀਡੀਓ ਲਈ ਕਲਿੱਕ ਕਰੋ -: