ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਮੰਗਲਵਾਰ ਰਾਤ ਕਰੀਬ 11.30 ਵਜੇ ਇੱਕ ਨੌਜਵਾਨ ਆਪਣੇ ਦੋਸਤਾਂ ਨਾਲ ਫਿਰੋਜ਼ਪੁਰ ਰੋਡ ‘ਤੇ ਬਣੇ ਇੱਕ ਮਾਲ ਵਿੱਚ ਬਣੇ ਫਿਲਮ ਦੇਖਣ ਆਇਆ ਸੀ । ਨੌਜਵਾਨ ਦ ਨਾਲ ਦੋ ਮਹਿਲਾਵਾਂ ਵੀ ਸਨ । ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਹਿਲਾਵਾਂ ਵਾਸ਼ਰੂਮ ਦੇ ਬਾਹਰ ਖੜ੍ਹੀਆਂ ਆਪਸ ਵਿੱਚ ਇਕ-ਦੂਜੇ ਦੀਆਂ ਫੋਟੋਆਂ ਖਿੱਚ ਰਹੀਆਂ ਸਨ। ਇਹ ਦੇਖ ਕੇ ਉਥੇ ਮੌਜੂਦ ਤਿੰਨ ਨੌਜਵਾਨਾਂ ਨੇ ਉਨ੍ਹਾਂ ਮਹਿਲਾਵਾਂ ‘ਤੇ ਟਿੱਪਣੀ ਕੀਤੀ ।
ਇਹ ਟਿੱਪਣੀ ਸੁਣ ਕੇ ਮਹਿਲਾਵਾਂ ਦੀ ਉਕਤ ਨੌਜਵਾਨਾਂ ਨਾਲ ਬਹਿਸ ਹੋ ਗਈ । ਮਹਿਲਾਵਾਂ ਨਾਲ ਉਨ੍ਹਾਂ ਦਾ ਇੱਕ ਦੋਸਤ ਸੀ, ਜਿਸ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮਾਮਲਾ ਨਾ ਸ਼ਾਂਤ ਹੋਇਆ ਤਾਂ ਉਸ ਦੀ ਤਿੰਨਾਂ ਮੁੰਡਿਆਂ ਨਾਲ ਲੜਾਈ ਹੋ ਗਈ। ਦੇਖਦੇ ਹੀ ਦੇਖਦੇ ਲੜਾਈ ਇੰਨੀ ਵਧ ਗਈ ਕਿ ਮਾਲ ਦੇ ਸੁਰੱਖਿਆ ਕਰਮਚਾਰੀਆਂ ਨੂੰ ਮੌਕੇ ‘ਤੇ ਆਉਣਾ ਪਿਆ । ਨੌਜਵਾਨਾਂ ਨੇ ਮਾਲ ਵਿੱਚ ਪਈਆਂ ਚੀਜ਼ਾਂ ਇੱਕ-ਦੂਜੇ ‘ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ।
ਇਹ ਵੀ ਪੜ੍ਹੋ: ਧਰਨੇ ‘ਤੇ CM ਮਾਨ ਦਾ ਕਿਸਾਨ ਆਗੂਆਂ ਨੂੰ ਜਵਾਬ-‘ਗੱਲਬਾਤ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ’
ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਨੌਜਵਾਨ ਦਾ ਸਿਰ ਫੱਟ ਗਿਆ । ਜਿਵੇਂ ਹੀ ਮਹਿਲਾਵਾਨ ਨੌਜਵਾਨ ਨੂੰ ਬਚਾਉਣ ਲਈ ਗਈਆਂ ਤਾਂ ਤਿੰਨੋਂ ਨੌਜਵਾਨ ਮਹਿਲਾਵਾਂ ਨਾਲ ਵੀ ਭਿੜ ਗਏ। ਮਾਹੌਲ ਵਿਗੜਦਾ ਦੇਖ ਕੇ ਮਾਲ ਸੰਚਾਲਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਫੋਨ ਕੀਤਾ । ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਹਿਰਾਸਤ ਵਿੱਚ ਲਿਆ ਤੇ ਥਾਣੇ ਲਿਆਂਦਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪ੍ਰਦੀਪ ਨੇ ਦੱਸਿਆ ਕਿ ਉਹ ਮੰਗਲਵਾਰ ਦੇਰ ਰਾਤ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਗਿਆ ਸੀ । ਫਿਰ 3 ਅਣਪਛਾਤੇ ਨੌਜਵਾਨਾਂ ਨੇ ਉਸ ਦੀਆਂ ਮਹਿਲਾ ਦੋਸਤਾਂ ਨਾਲ ਗਲਤ ਵਿਵਹਾਰ ਕਰਦਿਆਂ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ । ਪ੍ਰਦੀਪ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਉਸਦੀਆਂ ਮਹਿਲਾ ਦੋਸਤਾਂ ਨੂੰ ਇਕੱਠੇ ਸੈਲਫੀ ਲੈਣ ਲਈ ਕਹਿ ਰਹੇ ਸਨ। ਜਦੋਂ ਮਹਿਲਾਵਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਮਾਲ ਵਿੱਚ ਹੀ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।
ਦੱਸ ਦੇਈਏ ਕਿ ਮਾਲ ਵਿੱਚ ਸ਼ਰੇਆਮ ਗੁੰਡਾਗਰਦੀ ਕਰਨ ਦੇ ਮਾਮਲੇ ਵਿੱਚ ADCP ਅਸ਼ਵਨੀ ਗੋਟਿਆਲ ਨੇ ਕਿਹਾ ਕਿ ਤਿੰਨੋਂ ਮੁਲਜ਼ਮ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੀੜਤ ਮਹਿਲਾਵਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮੌਕੇ ਦੇ ਸੀਸੀਟੀਵੀ ਕੈਮਰੇ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: