ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗੈਂਗਸਟਰਾਂ ਅਤੇ ਬਦਮਾਸ਼ਾਂ ਵੱਲੋਂ ਕਈ ਸਿਆਸੀ ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸੇ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਇਸ ਸਬੰਧੀ ਐਮਪੀ ਬਿੱਟੂ ਦੇ ਪੀਏ ਨੇ ਧਮਕੀ ਦੀ ਪੁਸ਼ਟੀ ਕੀਤੀ। ਉਸਨੇ ਦੱਸਿਆ ਕਿ ਮੰਗਲਵਾਰ ਸਵੇਰੇ ਬਿੱਟੂ ਦੇ ਨਿੱਜੀ ਨੰਬਰ ‘ਤੇ ਵ੍ਹਟਸਐਪ ਕਾਲ ਆਈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ । ਇਸ ਸਬੰਧੀ ਜਾਣਕਾਰੀ ਬਿੱਟੂ ਵੱਲੋਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਦੇ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਰਵਨੀਤ ਬਿੱਟੂ ਨੂੰ ਇਹ ਕਾਲ ਵਿਦੇਸ਼ੀ ਨੰਬਰ ਤੋਂ ਆਈ ਹੈ, ਉਸ ਨੂੰ ਇਹ ਕਹਿ ਕੇ ਧਮਕੀ ਦਿੱਤੀ ਗਈ ਹੈ ਕਿ ਅਗਲਾ ਨੰਬਰ ਉਸ ਦਾ ਹੀ ਹੈ। ਦੱਸ ਦੇਈਏ ਕਿ ਰਵਨੀਤ ਬਿੱਟੂ ਇਸ ਸਮੇਂ ਭਾਰਤ ਵਿੱਚ ਨਹੀਂ ਹਨ, ਉਹ ਵਿਦੇਸ਼ ਦੌਰੇ ‘ਤੇ ਗਏ ਹੋਏ ਹਨ । ਧਮਕਾਉਣ ਵਾਲੇ ਵਿਅਕਤੀ ਵੱਲੋਂ ਇੱਕ ਗਰੁੱਪ ਕਾਲ ਕੀਤੀ ਗਈ ਸੀ ਜਿਸ ਵਿੱਚ ਹਿੰਦੂ ਆਗੂ ਸੰਦੀਪ ਗੋਰਾ ਥਾਪਰ, ਮਾਨਸਾ ਦੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਅਤੇ ਰਵਨੀਤ ਸਿੰਘ ਬਿੱਟੂ ਸ਼ਾਮਲ ਸਨ ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਧਮਕੀਆਂ ਭਰੀਆਂ ਕਾਲਾਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲੱਗੀ ਮਾਨਸਾ ਪੁਲਿਸ ਨੂੰ ਧਮਕੀ ਮਿਲੀ ਸੀ ਕਿ ਉਹ ਕੇਸ ਦੀ ਜਾਂਚ-ਪੜਤਾਲ ਛੱਡ ਦੇਣ ਅਤੇ ਜ਼ਿਆਦਾ ਭੱਜ-ਨੱਠ ਨਾ ਕਰਨ । ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਅੰਜਾਮ ਭੁਗਤਣਾ ਪਵੇਗਾ । ਇਹ ਧਮਕੀ ਮਾਨਸਾ ਪੁਲਿਸ ਦੇ ਐਸਐਚਓ ਨੂੰ ਫੋਨ ਰਾਹੀਂ ਵਿਦੇਸ਼ ਤੋਂ ਆਈ ਫੋਨ ਕਾਲ ਰਾਹੀਂ ਦਿੱਤੀ ਗਈ ਹੈ ।
ਵੀਡੀਓ ਲਈ ਕਲਿੱਕ ਕਰੋ -: