ਦੇਸ਼ ਭਰ ਵਿੱਚ ਬਣੇ ਨਫਰਤ ਦੇ ਮਾਹੌਲ ਵਿਚਾਲੇ ਪੰਜਾਬ ਵਿੱਚ ਨਵੀਂ ਪਹਿਲ ਕੀਤੀ ਜਾ ਰਹੀ ਹੈ। ਦਰਅਸਲ, ਲੁਧਿਆਣਾ ਵਿੱਚ ਇੱਕ ਅਜਿਹਾ ਕਾਲਜ ਬਣਾਇਆ ਜਾਵੇਗਾ, ਜਿੱਥੇ ਮੁਸਲਮਾਨ ਧੀਆਂ ਹਿਜਾਬ, ਸਿੱਖ ਦਸਤਾਰ ਤੇ ਹਿੰਦੂ ਕੁੜੀਆਂ ਤਿਲਕ ਲਾ ਕੇ ਪੜ੍ਹ ਸਕਣਗੀਆਂ । ਸਭ ਤੋਂ ਵੱਡੀ ਗੱਲ ਤਨ ਇਹ ਹੈ ਕਿ ਇੰਨੀ ਮਹਿੰਗਾਈ ਦੇ ਦੌਰ ਵਿੱਚ ਕੁੜੀਆਂ ਤੋਂ ਕੋਈ ਫੀਸ ਵੀ ਨਹੀਂ ਲਈ ਜਾਵੇਗੀ । ਇਹ ਐਲਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਨੇ ਇਹ ਐਲਾਨ ਸੋਮਵਾਰ ਨੂੰ ਇਤਿਹਾਸਕ ਜਾਮਾ ਮਸਜਿਦ ਵਿੱਚ ਵੱਖ-ਵੱਖ ਮਸਜਿਦਾਂ ਦੇ ਪ੍ਰਧਾਨਾਂ, ਇਮਾਮ ਸਾਹਿਬਾਨ ਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕਾਲਜ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ-ਰਹਿਮਾਨ ਸਾਨੀ ਲੁਧਿਆਣਵੀ ਦਾ ਸੁਫ਼ਨਾ ਸੀ। ਜਿਸ ਕਾਰਨ ਇਹ ਸੰਸਥਾ ਉਨ੍ਹਾਂ ਨੂੰ ਹੀ ਸਮਰਪਿਤ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਕਾਲਜ ਦਾ ਸਥਾਪਨਾ ਸਮਾਗਮ 10 ਸਤੰਬਰ ਨੂੰ ਕੀਤਾ ਜਾਵੇਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਇਹ ਜਨਰਲ ਕਾਲਜ ਹੋਵੇਗਾ, ਜਿਸ ਵਿੱਚ ਸਾਰੇ ਧਰਮਾਂ ਦੀਆਂ ਲੋੜਵੰਦ ਧੀਆਂ ਨੂੰ ਮੁਫ਼ਤ ਸਿੱਖਿਆ ਵੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਮੁਸਲਮਾਨ ਧੀਆਂ ਨੂੰ ਹਿਜਾਬ, ਸਿੱਖ ਧੀਆਂ ਨੂੰ ਦਸਤਾਰ ਅਤੇ ਹਿੰਦੂ ਧੀਆਂ ਨੂੰ ਤਿਲਕ ਲਗਾ ਕੇ ਪੜ੍ਹਨ ਦੀ ਆਜ਼ਾਦੀ ਹੋਵੇਗੀ ਤੇ ਕਿਸੇ ਵੀ ਲੜਕੀ ਦੇ ਪਹਿਰਾਵੇ ਸਬੰਧੀ ਕੋਈ ਰੋਕ ਨਹੀਂ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹਬੀਬ ਗਰਲਜ਼ ਕਾਲਜ ਵਿੱਚ ਬੀਏ ਤੇ ਐਮਏ ਸਮੇਤ ਸਾਰੇ ਡਿਗਰੀ ਕੋਰਸ ਕਰਵਾਏ ਜਾਣਗੇ । ਸ਼ਾਹੀ ਇਮਾਮ ਨੇ ਦੱਸਿਆ ਕਾਲਜ ਦਾ ਹੋਸਟਲ ਵੀ ਨਾਲ ਹੀ ਬਣਾਇਆ ਜਾਵੇਗਾ ਤਾਂ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਘੱਟ ਗਿਣਤੀ ਵਰਗ ਦੀਆਂ ਲੜਕੀਆਂ ਇੱਥੇ ਰਹਿ ਕੇ ਸਿੱਖਿਆ ਹਾਸਿਲ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: