ਥਾਣਾ ਬਿਆਸ ਅਧੀਂਨ ਪੈਂਦੇ ਕਸਬਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਬਾਜਾਰ ਵਿੱਚ ਬਾਈਕ ਸਵਾਰ ਨੌਜਵਾਨਾਂ ਵਲੋਂ ਇੱਕ ਬੱਚੇ ਕੋਲੋਂ ਮੋਬਾਇਲ ਫੋਨ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਹ ਮਾਮਲਾ ਉਸ ਵਕਤ ਹੋਰ ਵੀ ਹੈਰਾਨੀਜਨਕ ਹੋ ਗਿਆ, ਜਦ ਇਸ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਇੰਨ੍ਹਾਂ ਨੌਜਵਾਨਾਂ ਵਿੱਚ ਹੀ ਇੱਕ ਪੁਲਿਸ ਦਾ ਵਰਦੀਧਾਰੀ ਮੁਲਾਜਮ ਵੀ ਸੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਬਿਆਸ ਮੁੱਖੀ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੁਦਈ ਬਲਜੀਤ ਕੌਰ ਪਤਨੀ ਮਿਲਖਾ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਉਹ ਬਾਬਾ ਬਕਾਲਾ ਸਾਹਿਬ ਬਾਜਾਰ ਵਿੱਚ ਫੜੀ ਲਗਾ ਕੇ ਕੱਪੜੇ ਵੇਚਦੀ ਹੈ ਅਤੇ ਬੀਤੀ ਕੱਲ੍ਹ ਦੁਪਹਿਰ ਸਮੇਂ ਉਹ ਅਤੇ ਉਸਦਾ ਕਰੀਬ 12 ਸਾਲ ਦਾ ਲੜਕਾ ਫੜੀ ਤੇ ਬੈਠੈ ਸਨ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ, ਜਿੰਨ੍ਹਾਂ ਵਿੱਚੋਂ ਇੱਕ ਨੇ ਪੁਲਿਸ ਦੀ ਵਰਦੀ ਪਾਈ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਕੋਲ ਦਾਤਰ ਵੀ ਸੀ। ਜਿੰਨ੍ਹਾਂ ਉਸ ਨੂੰ ਦਾਤਰ ਦਿਖਾ ਕੇ ਮੋਬਾਇਲ ਖੋਹਿਆਂ ਅਤੇ ਫਰਾਰ ਹੋ ਗਏ।ਐਸਐਚਓ ਇੰਸ ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਅਧਾਰ ਤੇ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਗੁਲਸ਼ੇਰ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਵਡਾਲੀ ਡੋਗਰਾਂ, ਕਥਿਤ ਦੋਸ਼ੀ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਫੇਰੂਮਾਨ ਅਤੇ ਕਥਿਤ ਦੋਸ਼ੀ ਦਰਸ਼ਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਟਾਂਗਰਾ ਖਿਲਾਫ ਮੁਦਕਮਾ ਨੰ 192 ਧਾਰਾ 379-ਬੀ, 506, 34 ਆਈ.ਪੀ.ਸੀ ਤਹਿਤ ਥਾਣਾ ਬਿਆਸ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਪੁਲਿਸ ਨੇ ਉਕਤ ਪਾਸੋਂ ਇੱਕ ਦਾਤਰ, ਇੱਕ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।