ਬਟਾਲਾ ‘ਚ ਅੱਜ ਦੁਪਹਿਰ ਉਸ ਵੇਲੇ ਸਨਸਨੀ ਫੇਲ ਗਈ ਜਦ ਸਥਾਨਿਕ ਕਾਹਨੂੰਵਾਨ ਰੋਡ ‘ਤੇ ਸੜਕ ਕਿਨਾਰੇ ਖੜੀ ਇਕ ਸਵਿਫਟ ਗੱਡੀ ਚ ਸ਼ੱਕੀ ਹਾਲਤ ‘ਚ ਨੌਜਵਾਨ ਦੀ ਲਾਸ਼ ਮਿਲੀ। ਉੱਥੇ ਹੀ ਪਹਿਲਾ ਤਾਂ ਪੁਲਿਸ ਵਲੋਂ ਗੱਡੀ ‘ਚ ਮਿਲੇ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ | ਉੱਧਰ ਮ੍ਰਿਤਕ ਨੌਜਵਾਨ ਦੀ ਮਾਂ ਨੇ ਸ਼ੱਕ ਜਾਹਿਰ ਕੀਤਾ ਕਿ ਉਸਦੇ ਬੇਟੇ ਦੇ ਦੋਸਤਾਂ ਨੇ ਉਸਨੂੰ ਕੋਈ ਨਸ਼ਾ ਦਿੱਤਾ ਹੈ ਜਿਸ ਦੀ ਵਜ੍ਹਾ ਨਾਲ ਮੌਤ ਹੋਈ ਹੈ। ਉੱਧਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਬਟਾਲਾ ‘ਚ ਕਾਹਨੂੰਵਾਨ ਰੋਡ ਸੜਕ ਕਿਨਾਰੇ ਖੜੀ ਗੱਡੀ ‘ਚ ਨੌਜਵਾਨ ਦੀ ਮਿਲੀ ਲਾਸ਼ ਮਾਮਲੇ ‘ਚ ਮ੍ਰਿਤਕ ਦੀ ਪਹਿਚਾਣ ਬਲਜਿੰਦਰ ਸਿੰਘ ਪਿੰਡ ਬੇਹਲੂਵਾਲ ਦਾ ਰਹਿਣ ਵਾਲੇ ਵਜੋਂ ਹੋਈ ਹੈ | ਉਧਰ ਪੁੱਤ ਦੀ ਮੌਤ ਦਾ ਸੁਨੇਹਾ ਪੁਲਿਸ ਕੋਲੋਂ ਮਿਲਦੇ ਮੌਕੇ ‘ਤੇ ਪਹੁੰਚੀ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਸਦਾ ਛੋਟਾ ਬੇਟਾ ਹੈ। ਜਿਸਦੀ ਉਮਰ 27 ਸਾਲ ਹੈ ਅਤੇ ਉਹ ਕਈ ਸਾਲਾਂ ਤੋਂ ਸਾਊਦੀ ਅਰਬ ‘ਚ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਹੁਣ ਉਹ ਕੁਝ ਸਮੇ ਤੋਂ ਪਿੰਡ ਆਇਆ ਸੀ ਅਤੇ ਬੀਤੇ ਦਿਨਾਂ ਤੋਂ ਹੀ ਉਸਨੂੰ ਇਹ ਸ਼ੱਕ ਹੋ ਰਿਹਾ ਸੀ ਕਿ ਕੁਝ ਨੌਜਵਾਨਾਂ ਨੇ ਉਸਨੂੰ ਨਸ਼ੇ ਦੀ ਆਦਤ ਲਾ ਦਿੱਤੀ। ਉੱਥੇ ਹੀ ਮਾਂ ਦਾ ਆਰੋਪ ਹੈ ਕਿ ਉਸਦੇ ਬੇਟੇ ਬਲਜਿੰਦਰ ਦੇ ਸਾਥੀ ਦੋਸਤਾਂ ਵਲੋਂ ਹੀ ਉਸਨੂੰ ਕੋਈ ਨਸ਼ਾ ਦਿੱਤਾ ਗਿਆ ਜਿਸ ਨਾਲ ਉਸਦੀ ਮੌਤ ਹੋਈ ਹੈ। ਉੱਥੇ ਹੀ ਮਾਂ ਰੋਂਦੀ-ਕੁਰਲਾਉਂਦੀ ਹੋਈ ਪੁੱਤ ਦੀ ਮੌਤ ਦੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਮ੍ਰਿਤਕ ਨੌਜਵਾਨ ਸ਼ਾਦੀਸ਼ੁਦਾ ਹੈ ਅਤੇ ਉਸਦੇ ਇਕ ਦੋ ਸਾਲ ਦਾ ਬੱਚਾ ਵੀ ਹੈ।
ਪੁਲਿਸ ਥਾਣਾ ਸਿਟੀ ਬਟਾਲਾ ਦੀ ਇੰਚਾਰਜ ਖੁਸ਼ਬੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੜਕ ਕੰਡੇ ਇਕ ਗੱਡੀ ਚ ਨੌਜ਼ਵਾਨ ਬੇਸੁੱਧ ਪਿਆ ਹੈ ਅਤੇ ਮੌਕੇ ‘ਤੇ ਪਹੁੰਚ ਨੌਜਵਾਨ ਨੂੰ ਪੁਲਿਸ ਟੀਮ ਵਲੋਂ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਲੇਕਿਨ ਡਾਕਟਰਾਂ ਵਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ ਉਥੇ ਹੀ ਨੌਜਵਾਨ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਅਤੇ ਮਾਮਲਾ ਦਰਜ ਕਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਵੀ ਲਾਏ ਜਾ ਰਹੇ ਹਨ ਅਤੇ ਉਹਨਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |