ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਬਿਆਸ ਦੀ ਪੁਲਿਸ ਅਤੇ ਨਾਰਕੋਟਿਕ ਸੈੱਲ ਇੰਚਾਰਜ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਸਾਂਝੇ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ ਕਰਨ ਦੀ ਖਬਰ ਹੈ।ਮੁੱਢਲੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਕਤ ਬਾਹਰੀ ਰਾਜ ਤੋਂ ਲਿਆਂਦੀ ਗਈ ਹੈ।
ਜਾਣਕਾਰੀ ਦਿੰਦਿਆਂ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਇੰਚਾਰਜ ਅਜੈਪਾਲ ਸਿੰਘ ਅਤੇ ਥਾਣਾ ਬਿਆਸ ਐਸਐਚਓ ਇੰਸਪੈਕਟਰ ਹਰਜੀਤ ਸਿੰਘ ਝਹਿਰਾ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਦਰਿਆ ਬਿਆਸ ਟੀ ਪੁਆਇੰਟ ਨੇੜੇ ਨੈਸ਼ਨਲ ਮਾਰਗ ਤੋਂ ਇੱਕ ਟਰਾਲਾ (ਘੋੜਾ) ਨੂੰ ਰੋਕ ਕੇ ਤਲਾਸ਼ ਲੈਣ ਦੌਰਾਨ ਸੱਤ ਕਿਲੋ ਅਫੀਮ ਸਣੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।ਪੁਲਿਸ ਅਧਿਕਾਰੀ ਨੇ ਕਥਿਤ ਦੋਸ਼ੀਆਂ ਦੀ ਪਛਾਣ ਜਤਿੰਦਰ ਸਿੰਘ ਲਾਡੀ ਪੁੱਤਰ ਕਸ਼ਮੀਰ ਸਿੰਘ ਵਾਸੀ ਠੱਠੀਆਂ ਅਤੇ ਕਥਿਤ ਦੋਸ਼ੀ ਲਖਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਧਿਆਨਪੁਰ ਵਜੋਂ ਦੱਸੀ ਹੈ।ਪੁਲਿਸ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿੱਚ ਮੁਕਦਮਾ ਨੰ 230, ਐਨ.ਡੀ.ਪੀ.ਐਸ ਐਕਟ 18,61,85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਮੁੱਢਲੀ ਪੁਛਗਿੱਛ ਦੌਰਾਨ ਉਕਤ ਤਸਕਰਾਂ ਨੇ ਦੱਸਿਆ ਕਿ ਉਹ ਸਿਲੀਗੁੜੀ ਬੰਗਾਲ ਤੋਂ ਅਫੀਮ ਦੀ ਇਹ ਖੇਪ ਲੈ ਕੇ ਆਏ ਸਨ, ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਇਸ ਦੌਰਾਨ ਹੋਰ ਵੀ ਖੁਲਾਸਾ ਹੋਣ ਦੀ ਉਮੀਦ ਹੈ।ਇਸ ਮੌਕੇ ਏਐਸਆਈ ਪ੍ਰੇਮ ਸਿੰਘ, ਏਐਸਆਈ ਜਤਿੰਦਰ ਸਿੰਘ, ਏਐਸਆਈ ਸੁਰਜੀਤ ਸਿੰਘ, ਮੁਨਸ਼ੀ ਤੇਜਿੰਦਰ ਸਿੰਘ, ਮੁਨਸ਼ੀ ਨਵਨੀਤ ਸਿੰਘ, ਹੌਲਦਾਰ ਜੋਬਨਪ੍ਰੀਤ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ ਆਦਿ ਹਾਜਰ ਸਨ।