ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਬਿਆਸ ਦੇ ਪਿੰਡ ਜੋਧੇ ਵਿਖੇ ਬੀਤੇ ਕੁਝ ਦਿਨ੍ਹਾਂ ਤੋਂ ਪਿੰਡ ਵਾਸੀ ਅਤੇ ਕਿਸਾਨਾਂ ਵਲੋਂ ਪਿੰਡਾਂ ਵਿੱਚ ਦੀ ਲੰਘਣ ਵਾਲੇ ਟਿੱਪਰ ਚਾਲਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਇੱਥੇ ਗਲਤ ਤਰੀਕੇ ਨਾਲ ਰੇਤ ਲੰਘ ਰਹੀ ਹੈ, ਜਿਸ ਨੂੰ ਲੈ ਕੇ ਟਿੱਪਰਾਂ ਦਾ ਇਸ ਰਸਤੇ ਆਉਣਾ ਜਾਣਾ ਧਰਨਾਕਾਰੀਆਂ ਵਲੋਂ ਬੰਦ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਅੱਕੇ ਟਿੱਪਰ ਚਾਲਕਾਂ ਤੇ ਉਨ੍ਹਾਂ ਨਾਲ ਚੱਲਦੇ ਮਜਦੂਰਾਂ ਵਲੋਂ ਡੀਐਸਪੀ ਬਾਬਾ ਬਕਾਲਾ ਸਾਹਿਬ ਦੇ ਦਫਤਰ ਵਿਖੇ ਪੁੱਜ ਕੇ ਇੱਕ ਮੰਗ ਪੱਤਰ ਦੇ ਮਸਲਾ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ।
ਡੀਐਸਪੀ ਬਾਬਾ ਬਕਾਲਾ ਸਾਹਿਬ ਦੇ ਦਫਤਰ ਵਿਖੇ ਪੁੱਜੇ ਟਿੱਪਰ ਚਾਲਕ ਮਹਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਨੇ ਮੁੱਦਾ ਉਠਾਇਆ ਹੈ ਕਿ ਰੇਤ ਟਿੱਪਰ ਨਹੀਂ ਲੰਘਣ ਦੇਣੇ ਪਰ ਉਹ ਵੀ ਕਿਸਾਨ ਹਨ ਤੇ ਜਾਣਨਾ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਕਿਸਾਨਾਂ ਦਾ ਕੋਈ ਨੁਕਸਾਨ ਕੀਤਾ ਹੈ ਜਾਂ ਫਿਰ ਖੱਡ ਨਜਾਇਜ ਹੈ ਜਾਂ ਫਿਰ ਉਨ੍ਹਾਂ ਦੇ ਕਿਸੇ ਡਰਾਈਵਰ ਵਲੋਂ ਕੋਈ ਗਲਤੀ ਹੋਈ ਹੈ ਤਾਂ ਦੱਸਿਆ ਜਾਵੇ ਜੇ ਨਹੀਂ ਤਾਂ ਫਿਰ ਮਸਲੇ ਦਾ ਹੱਲ ਕੀਤਾ ਜਾਵੇ।ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ 15 ਦਿਨ੍ਹਾਂ ਤੋਂ ਕੰਮ ਠੱਪ ਪਿਆ ਹੈ ਅਤੇ ਉਹ ਗੱਡੀ ਦੀ 60-70 ਹਜਾਰ ਮਹੀਨੇ ਦੀ ਕਿਸ਼ਤ ਕਿਥੋਂ ਕੱਢਣ, ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਉਹ ਵੀ ਧਰਨਾਕਾਰੀਆਂ ਕੋਲ ਬੈਠੈ ਰਹਿਣਗੇ ਕਿਉਂਕਿ ਜੇ ਕੰਮ ਹੀ ਨਹੀਂ ਤਾਂ ਘਰ ਬਹਿ ਕੇ ਵੀ ਉਹ ਕੀ ਕਰਨ। ਜੈ ਇੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਖਾਨਪੁਰ ਵਿਖੇ ਉਨ੍ਹਾਂ ਨੂੰ ਸਰਕਾਰ ਵਲੋਂ ਸਾਈਟ ਮਨਜੂਰਸ਼ੁਦਾ ਹੋਈ ਹੈ, ਜਿਸ ਦੀ ਈਸੀ ਅਤੇ ਸਾਰੀ ਮਨਜੂਰੀਆਂ ਉਨ੍ਹਾਂ ਕੋਲ ਹਨ ਅਤੇ ਇਹ ਲੀਗਲ ਸਾਈਟ ਹੈ।ਉਂਨ੍ਹਾਂ ਕਿਹਾ ਕਿ ਬੀਤੇ 10-12 ਦਿਨ ਪਹਿਲਾਂ ਕੁਝ ਲੋਕਾਂ ਨੇ ਉਨ੍ਹਾਂ ਦੇ ਕੰਮ ਤੇ ਜੋ ਰਾਹ ਜਾਂਦਾ ਹੈ, ਉਹ ਬਲਾਕ ਕਰਕੇ ਉਨ੍ਹਾਂ ਨੂੰ ਕਿਹਾ ਕਿ ਇਹ ਸਾਈਟ ਨਜਾਇਜ ਹੈ।ਜਿਸ ਤੋਂ ਬਾਅਦ ਉਨ੍ਹਾਂ ਡੀਐਸਪੀ ਦਫਤਰ ਵਿੱਚ ਬੈਠ ਕੇ ਉਨ੍ਹਾਂ ਨੂੰ ਸਾਰੇ ਦਸਤਾਵੇਜ ਦਿਖਾਏ ਗਏ ਪਰ ਉਨ੍ਹਾਂ ਕਿਹਾ ਕਿ ਕੋਈ ਮਾਈਨਿੰਗ ਅਧਿਕਾਰੀ ਆ ਕੇ ਇਸ ਸਬੰਧੀ ਜਾਣਕਾਰੀ ਦੇਣ, ਜਿਸ ਉਪਰੰਤ ਐਸਡੀਓ ਮਾਈਨਿੰਗ ਵਲੋਂ ਅੰਮ੍ਰਿਤਸਰ ਤੋਂ ਆ ਕੇ ਪੱਖ ਦਿੱਤਾ ਗਿਆ ਪਰ ਫਿਰ ਵੀ ਉਨ੍ਹਾਂ ਵਲੋਂ ਰਸਤਾ ਨਹੀਂ ਖੋਲਿਆ ਗਿਆ।ਉਨ੍ਹਾਂ ਕਿਹਾ ਕਿ ਇਸ ਕੰਮ ਨਾਲ 200-250 ਲੋਕਾਂ ਦਾ ਰੁਜਗਾਰ ਜੁੜਿਆ ਹੋਇਆ ਹੈ ਅਤੇ ਉਹ ਹਰ ਤਰ੍ਹਾਂ ਦੀ ਰੋਇਲਟੀ ਵੀ ਸਰਕਾਰ ਨੂੰ ਦੇ ਰਹੇ ਹਨ, ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਸਲੇ ਦਾ ਹੱਲ ਕੀਤਾ ਜਾਵੇ।
ਗੱਲਬਾਤ ਦੌਰਾਨ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਖਾਨਪੁਰ ਵਿੱਚ ਇੱਕ ਮਾਈਨਿੰਗ ਖੱਡ ਹੈ, ਜਿਸ ਸਬੰਧੀ ਜੋਧੇ ਪਿੰਡ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਟਿੱਪਰ ਨਾ ਨਿਕਲਣ, ਜਿਸ ਸਬੰਧ ਵਿੱਚ ਮੀਟਿੰਗ ਕੀਤੀਆਂ ਹਨ ਤੇ ਬਿਠਾ ਕੇ ਕੋਈ ਸਾਰਥਕ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅੱਜ ਟਰਾਂਸਪੋਰਟ ਯੂਨੀਅਨ ਦੇ ਨੁਮਾਇੰਦਿਆਂ ਨੇ ਮੈਮੋਰੰਡਮ ਦਿੱਤਾ ਹੈ, ਜਿਸ ਨੂੰ ਵਿਚਾਰ ਕੇ ਜੋ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ।ਖੱਡ ਸਬੰਧੀ ਜਾਇਜ ਜਾਂ ਨਜਾਇਜ ਹੋਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਮਾਈਨਿੰਗ ਐਸਡੀਓ ਵਲੋਂ ਕਿਹਾ ਗਿਆ ਹੈ ਕਿ ਲੀਗਲ ਖੱਡ ਹੈ ਪਰ ਇਸ ਮੌਸਮ ਦਰਮਿਆਨ ਮਾਈਨਿੰਗ ਨਹੀਂ ਹੋ ਸਕਦੀ ਅਤੇ ਇੰਨ੍ਹਾਂ ਦਾ ਉੱਥੇ ਜੋ ਸਟਾਕ ਪਿਆ ਹੈ, ਉਹ ਇੰਨ੍ਹਾਂ ਨੇ ਹਾਲੇ ਚੁੱਕਣਾ ਹੈ।