ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਇੱਕ ਲੜਕੀ ਵੱਲੋਂ ਵੀਡੀਓ ਬਣਾਉਣ ਮਗਰੋਂ ਸੋਸ਼ਲ ਮੀਡੀਆ ‘ਤੇ ਪਾਈ ਗਈ, ਜਿਸ ਨੂੰ ਲੈ ਕੇ ਸਿੱਖ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਜ਼ਾਨਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਸ਼ਰਧਾਲੂ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਮੱਥਾ ਟੇਕਣ ਆਉਂਦੇ ਹਨ, ਉਥੇ ਨਾਲ ਹੀ ਕਈ ਵਾਰ ਦੇਖਣ ਵਿਚ ਆਇਆ ਹੈ ਕਿ ਕੁੱਝ ਕੁ ਮਨਚਲੇ ਅਤੇ ਬੇਸਮਝ ਲੋਕ ਵੀ ਉਨ੍ਹਾਂ ਪਵਿੱਤਰ ਥਾਵਾਂ ‘ਤੇ ਆ ਕੇ ਗੁਰੂ ਸਾਹਿਬ ਦੀ ਖ਼ੁਸ਼ੀ ਲੈਣ ਦੀ ਥਾਂ ‘ਤੇ ਸੰਗਤਾਂ ਦੇ ਰੋਹ ਦਾ ਕਾਰਨ ਬਣ ਜਾਂਦੇ ਹਨ।
SGPC ਵੱਲੋਂ ਪਹਿਲਾਂ ਵੀ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦੇ ਪਾਵਨ ਅਧਿਆਤਮਕ ਅਸਥਾਨ ਹਨ ਅਤੇ ਇਸ ਦੀ ਮਾਣ ਮਰਯਾਦਾ ਨੂੰ ਧਿਆਨ ਵਿਚ ਰੱਖਿਆ ਜਾਵੇ। ਉਨ੍ਹਾਂ ਵੱਲੋਂ ਇਹ ਅਪੀਲ ਵੀ ਕੀਤੀ ਗਈ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ਨੂੰ ਵੇਖਦਿਆਂ ਇਥੇ ਕੋਈ ਵੀ ਵੀਡੀਓ ਨਾ ਬਣਾਈ ਜਾਵੇ ਪਰ ਨੌਜਵਾਨ ਪੀੜ੍ਹੀ ਇਨ੍ਹਾਂ ਗੱਲਾਂ ਤੋਂ ਗੁਰੇਜ਼ ਨਹੀਂ ਕਰਦੀ। ਅੱਜ ਫਿਰ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਚਰਚਿਤ ਹੋਈ ਹੈ, ਜਿਸ ਵਿਚ ਇਕ ਕੁੜੀ ਸ੍ਰੀ ਦਰਬਾਰ ਸਾਹਿਬ ਡਿਉੜੀ ਦੇ ਇਕ ਪਾਸੇ ਡਾਂਸ ਕਰ ਕੇ ਉਸ ਦੀ ਮਿਕਸਿੰਗ ਵੀਡੀਓ ਬਣਾ ਰਹੀ ਸੀ। ਉਸ ਨੇ ਇੰਸਟਾਗ੍ਰਾਮ ‘ਤੇ ਵੀਡੀਉ ਸ਼ੇਅਰ ਕੀਤੀ।
ਦੱਸ ਦਈਏ ਬੀਤੀ ਦਿਨੀਂ ਇੱਕ ਪਾਕਿਸਤਾਨੀ ਮਾਡਲ ਵੱਲੋਂ ਪਕਿਸਤਾਨ ਦੇ ਕਰਤਾਰਪੁਰ ‘ਚ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ‘ਚ ‘ਨੰਗੇ ਸਿਰ’ ਫੋਟੋਆਂ (ਤਸਵੀਰਾਂ ) ਖਿੱਚਵਾਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਸੂਤਰਾਂ ਮੁਤਾਬਿਕ ਪਾਕਿਸਤਾਨ ‘ਚ ‘ਮੰਨਤ’ ਨਾਂ ਦਾ ਰੈਡੀ-ਟੂ-ਵੇਅਰ ਔਰਤਾਂ ਦਾ ਆਨਲਾਈਨ ਕੱਪੜਿਆਂ ਦਾ ਸਟੋਰ ਚਲਾਉਣ ਵਾਲੀ ਔਰਤ ਨੇ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ‘ਚ ਇੱਕ ਫੋਟੋਸ਼ੂਟ ਕਰਵਾਇਆ ਸੀ, ਜਿਸ ‘ਚ ਮਾਡਲ ਨੰਗੇ ਸਿਰ ਨਜ਼ਰ ਆ ਰਹੀ ਸੀ। ਜਿਸ ਤੋਂ ਬਾਅਦ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ‘ਤੇ ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਮੁਆਫੀ ਮੰਗ ਲਈ ਸੀ। ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ। ਇਤਰਾਜ਼ਯੋਗ ਫੋਟੋਆਂ ਡਿਲੀਟ ਕਰਨ ਤੋਂ ਬਾਅਦ ਮਾਡਲ ਲਾਲਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗਈ ਸੀ। ਜੇਕਰ ਉਸ ਦੀ ਫੋਟੋਆਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ।
ਵੀਡੀਓ ਲਈ ਕਲਿੱਕ ਕਰੋ -: