ADCP tightens grip : ਅੰਮ੍ਰਿਤਸਰ : ਐਕਸ ਸਰਵਿਸਮੈਨ ਕੰਟ੍ਰੀਬਿਊਟੀ ਹੈਲਥ ਸਕੀਮ (X-Serviceman Contributory health Scheme, ECHS) ‘ਚ ਲੱਖਾਂ ਦੇ ਘਪਲੇ ਦੇ ਮਾਮਲੇ ‘ਚ ਏ. ਡੀ. ਸੀ. ਪੀ. ਸੰਦੀਪ ਮਲਿਕ ਨੇ ਹਸਪਤਾਲਾਂ ‘ਤੇ ਸ਼ਿਕੰਜਾ ਕੱਸਣ ਲਈ ਸੂਚੀ ਤਿਆਰ ਕਰ ਲਈ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਹਸਪਤਾਲਾਂ ਦੀ ਸੂਚੀ ਬਣਾਈ ਗਈ ਹੈ ਤਾਂ ਜੋ ਜਾਂਚ ‘ਚ ਕੋਈ ਰੁਕਾਵਟ ਪੈਦਾ ਨਾ ਹੋਵੇ। ਪੁਲਿਸ ਨੇ 16 ਡਾਕਟਰਾਂ ਸਮੇਤ 25 ਦੋਸ਼ੀਆਂ ਦੇ ਬੈਂਕ ਖਾਤਿਆਂ ਦੀ ਡਿਟੇਲ ਜਾਣਨ ਲਈ ਉਨ੍ਹਾਂ ਨੂੰ ਸੰਮਨ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਤੱਕ ਸਾਰੇ ਦੋਸ਼ੀਆਂ ਨੂੰ ਸੰਮਨ ਭੇਜ ਕੇ ਤਲਬ ਕਰ ਲਿਆ ਜਾਵੇਗਾ। ਉਥੇ ਏ. ਡੀ. ਸੀ. ਪੀ. ਸੰਦੀਪ ਮਲਿਕ ਜਾਂਚ ਲਈ ਕਿਸੇ ਵੀ ਹਸਪਤਾਲ ਤੇ ਡਾਕਟਰਾਂ ਲਈ ਪਹੁੰਚ ਸਕਦੇ ਹਨ।
ਪਤਾ ਲੱਗਾ ਹੈ ਕਿ ECHS ਘਪਲੇ ਨੂੰ ਲੈ ਕੇ ਦਿੱਲੀ ‘ਚ ਬੈਠੇ ਫੌਜ ਦੇ ਅਧਿਕਾਰੀਆਂ ਨੂੰ ਵੀ ਸੂਚਨਾ ਮਿਲ ਚੁੱਕੀ ਹੈ। ਫੌਜ ਦੇ ਅਧਿਕਾਰੀ ਸਿੱਧੇ ਤੌਰ ‘ਤੇ ਜਿਲ੍ਹਾ ਪੁਲਿਸ ਦੇ ਸੰਪਰਕ ‘ਚ ਹਨ ਅਤੇ ਦੋਸ਼ੀ ਡਾਕਟਰਾਂ ‘ਤੇ ਸਖਤ ਕਾਰਵਾਈ ਕਰਨ ਲਈ ਪੁਲਿਸ ‘ਤੇ ਦਬਾਅ ਬਣਾਇਆ ਹੋਇਆ ਹੈ। ਫੌਜ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਡਾਕਟਰਾਂ ਸਮੇਤ 25 ਦੋਸ਼ੀਆਂ ਦੇ ਆਧਾਰ ਕਾਰਡ ਤੇ ਪੈਨ ਕਾਰਡ ਜੁਟਾਉਣ ‘ਚ ਲੱਗੀ ਹੋਈ ਹੈ ਤਾਂ ਜੋ ਦੋਸ਼ੀ ਆਪਣੇ ਬੈਂਕ ਖਾਤਿਆਂ ਅਤੇ ਜਾਇਦਾਦ ਨੂੰ ਕਿਸੇ ਵੀ ਕੀਮਤ ‘ਤੇ ਲੁਕਾ ਨਾ ਸਕੇ। ਦੱਸਿਆ ਜਾ ਰਿਹ ਾਹੈ ਕਿ ਮਰੀਜ਼ਾਂ ਦਾ ਫਰਜ਼ੀ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਫੌਜ ਅਧਿਕਾਰੀ ਕਿਸੇ ਵੀ ਕੀਮਤ ‘ਤੇ ਛੱਡਣ ਦੇ ਮੂਡ ‘ਚ ਨਹੀਂ ਹਨ।
ਪੁਲਿਸ ਨੂੰ ਪਤਾ ਲੱਗਾ ਹੈ ਕਿ ਸ਼ਹਿਰ ‘ਚ ਫੋਟੋਸਟੇਟ ਦਾ ਕੰਮ ਕਰਨ ਵਾਲੇ ਕੁਝ ਲੋਕ ECHS ਘਪਲੇ ‘ਚ ਸ਼ਾਮਲ ਹਨ। ਜੋ ਰਿਟਾਇਰਡ ਫੌਜੀਆਂ ਦੇ ਹੈਲਥ ਕਾਰਡ ਵੱਲੋਂ ਹਸਪਤਾਲ ਤੋਂ ਕਰਾਏ ਜਾਣ ਵਾਲੇ ਇਲਾਜ ਦੀ ਫਰਜ਼ੀ ਫਾਈਲ ਤਿਆਰ ਕਰਦੇ ਸਨ। ਉਸੇ ਫਾਈਲ ਦੇ ਸਹਾਰੇ ਫਰਜ਼ੀ ਮਰੀਜ਼ ਹਸਪਤਾਲ ‘ਚ ਦਾਖਲ ਕਰਵਾਇਆ ਜਾਂਦਾ ਸੀ। ਪੁਲਿਸ ਨੇ ਇਸ ਤਰ੍ਹਾਂ ਦੇ ਫੋਟੋਸਟੇਟ ਚਲਾਉਣ ਵਾਲੇ ਮਾਲਕਾਂ ਦਾ ਪਤਾ ਲਗਾਉਣ ਲਈ ਆਪਣਾ ਖੁਫੀਆ ਤੰਤਰ ਐਕਟਿਵ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 2 ਅਕਤੂਬਰ ਨੂੰ ਕੰਟੋਨਮੈਂਟ ਥਾਣੇ ਦੀ ਪੁਲਿਸ 6 ਹਸਪਤਾਲਾਂ ਦੇ 16 ਡਾਕਟਰਾਂ ਸਮੇਤ 25 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ।