ਬੀਤੇ ਦਿਨ ਜਿਲ੍ਹਾ ਗੁਰਦਾਸਪੁਰ ਦੀ ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਬਲੜਵਾਲ ਵਿੱਚ ਇਕੋ ਹੀ ਪਰਿਵਾਰ ਦੇ ਚਾਰ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
ਇਸ ਮਾਮਲੇ ਵਿਚ ਬਟਾਲਾ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਤਿੰਨ ਆਰੋਪੀਆ ਦੇ ਖਿਲਾਫ ਆਈ ਪੀ ਸੀ ਦੀ ਧਾਰਾ 302,307,120ਬੀ 25,27,54,59 ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਦੋ ਆਰੋਪੀਆ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਪਰ ਮੁੱਖ ਆਰੋਪੀ ਸੁਖਜਿੰਦਰ ਸਿੰਘ ਸੋਨੀ ਫਰਾਰ ਦੱਸਿਆ ਜਾ ਰਿਹਾ ਸੀ। ਜਿਸਨੂੰ ਲੈਕੇ ਪੀੜਤ ਪਰਿਵਾਰ ਦੇ ਵਲੋਂ ਘੁਮਾਣ ਚੋਂਕ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰੱਖ ਕੇ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। ਉਸ ਤੋਂ ਬਾਅਦ ਬਟਾਲਾ ਪੁਲਿਸ ਨੇ ਆਪਣੀ ਸੂਝਬੂਝ ਨਾਲ ਤੀਸਰੇ ਮੁੱਖ ਆਰੋਪੀ ਸੋਨੀ ਨੂੰ ਵੀ ਗਿਰਫਤਾਰ ਕਰ ਲਿਆ ਗਿਆ।
ਐਸ ਐਸ ਪੀ ਬਟਾਲਾ ਰਛਪਾਲ ਸਿੰਘ ਦੇ ਦੁਆਰਾ ਕੀਤੀ ਪ੍ਰੈਸ ਵਾਰਤਾ ਦੇ ਦੌਰਾਨ ਦੱਸਿਆ ਕਿ ਇਹ ਕਤਲ ਕਾਂਡ ਦੇ ਪਿੱਛੇ ਤਿੰਨ ਕਾਰਨ ਸਨ। ਜਿਨ੍ਹਾਂ ਵਿੱਚ ਲੜਕੀ ਅਤੇ ਪੀੜਤ ਪਰਿਵਾਰ ਦੇ ਲੜਕੇ ਦੇ ਪ੍ਰੇਮ ਸੰਬੰਧ ਪਿੰਡ ਦੇ ਰਾਸ਼ਨ ਡਿਪੂ ਅਤੇ ਜਮੀਨੀ ਵਿਵਾਦ ਦੀ ਰੰਜਿਸ਼ ਤਹਿਤ ਇਸ ਕਤਲ ਕਾਂਡ ਨੂੰ ਅੰਜਾਮ ਦਿਤਾ ਗਿਆ। ਇਸ ਮਾਮਲੇ ਵਿੱਚ ਮੁੱਖ ਆਰੋਪੀ ਸੁਖਜਿੰਦਰ ਸੋਨੀ ਉਸਦੀ ਪਤਨੀ ਕੁਲਵਿੰਦਰ ਕੌਰ ਅਤੇ ਉਸਦੇ ਭਰਾ ਜਤਿੰਦਰ ਸਿੰਘ ਜੋਤੀ ਨੂੰ ਗਿਰਫ਼ਤਾਰ ਕਰਦੇ ਹੋਏ ਕਤਲ ਕਾਂਡ ਵਿਚ ਵਰਤਿਆ ਗਿਆ। ਪਿਸਟਲ ,ਕੁਝ ਰੋਂਦ ਅਤੇ ਆਰੋਪੀ ਦੇ ਘਰ ਵਿਚੋਂ ਦੋ ਦੋਨਾਲੀਆ ਵੀ ਬਰਾਮਦ ਕੀਤੀਆਂ ਗਈਆਂ ਹਨ ਬਾਕੀ ਅਗੇ ਦੀ ਤਫਤੀਸ਼ ਜਾਰੀ ਹੈ।