Celebrate June 6 by staying : ਅੰਮ੍ਰਿਤਸਰ : ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ 6 ਜੂਨ ਨੂੰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ ਨੇ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਸੰਗਤਾਂ ਨੂੰ 6 ਜੂਨ ਦਾ ਦਿਹਾੜਾ ਆਪਣੇ ਘਰਾਂ ਵਿਚ ਹੀ ਰਹਿ ਕੇ ਮਨਾਉਣ ਅਤੇ ਕਲਗੀਧਰ ਦਸਮੇਸ਼ ਪਿਤਾ ਅੱਗੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ ਤੇ ਹੋਰ ਸਿੰਘ ਸਾਹਿਬਾਨ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਇਸ ਮੌਕੇ ਗੁਰਦੁਆਰਾ ਬੀਬੀ ਕੌਲਾਂ ਜੀ ਵਿਖੇ ਸੰਗਤਾਂ ਨੇ ਸਰੋਵਰ ਦੀ ਸਾਫ-ਸਫਾਈ ਦੀ ਸੇਵਾ ਕੀਤੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਸਰਬੱਤ ਦੇ ਭਲੇ ਲੱ ਅਰਦਾਸ ਹੁੰਦੀ ਹੈ, ਉਥੇ ਆਪਣੇ ਲਈ ਵੀ ਅਰਦਾਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਸਤਿਗੁਰੂ ਪਾਤਿਸ਼ਾਹ ਅੰਗ ਸੰਗ ਸਹਾਈ ਹੋਣ ਅਤੇ ਹਰ ਕੋਈ ਆਪਣੇ ਪਰਿਵਾਰ ਵਿਚ ਸੁਖੀ ਵਸੇ।
ਦੱਸਣਯੋਗ ਹੈ ਕਿ ਕੋਵਿਡ-19 ਮਹਮਾਰੀ ਦੇ ਚੱਲਦਿਆਂ 6 ਜੂਨ ਦੇ ਘੱਲੂਘਾਰੇ ਸਮਾਗਮ ਨੂੰ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਨਾਲ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। 6 ਜੂਨ ਦੇ ਸਮਾਗਮ ਨੂੰ ਲੈ ਕੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਨਾਕਿਆਂ ’ਤੇ ਲੱਗੇ ਪੁਲਿਸ ਘੇਰਾਅ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਈਆਂ ਸੰਗਤਾਂ ਘੰਟਿਆਂ ਤੱਕ ਉਡੀਕ ਕਰਕੇ ਵਾਪਿਸ ਮੁੜ ਗਈਆਂ।