ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ, ਜਿਸ ਦਾ ਕਾਰਨ ਹੈ ਕਿ ਕੋਰੋਨਾ ਕਾਲ ਤੋਂ ਬੰਦ ਚਲੇ ਆ ਰਹੇ ਡੇਰੇ ਦੀ ਟਰੱਸਟ ਵੱਲੋਂ ਜਿੱਥੇ ਮਾਰਚ ਮਹੀਨੇ ਵਿੱਚ ਡੇਰਾ ਖੋਲ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ, ਉੱਥੇ ਹੀ ਡੇਰਾ ਬਿਆਸ ਵੱਲੋਂ ਹਾਲੇ ਹੋਰ ਸਮਾਂ ਡੇਰਾ ਬੰਦ ਰੱਖਣ ਦੀ ਖਬਰ ਹੈ। ਜਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨਾਲ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਧਿਆਤਮਕ ਤੌਰ ਤੇ ਜੁੜੇ ਹੋਏ ਹਨ। ਬੀਤੇ ਸਾਲ ਦੀ ਸ਼ੁਰੂਆਤ ਵਿੱਚ ਹੀ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਅਤੇ ਅਹਤਿਆਤ ਵਜੋਂ ਡੇਰਾ ਬਿਆਸ ਵੱਲੋਂ ਸਾਰੇ ਭੰਡਾਰਾ ਅਤੇ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਹਾਲਾਤਾਂ ਨੂੰ ਦੇਖਦੇ ਹੋਏ ਸਮੇਂ ਸਮੇਂ ‘ਤੇ ਡੇਰੇ ਨੂੰ ਬੰਦ ਰੱਖਣ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ।
ਹੁਣ ਜਦ ਡੇਰਾ ਬਿਆਸ ਦੇ ਸ਼ਰਧਾਲੂ ਉਤਸੁਕ ਸਨ ਕਿ 31 ਮਾਰਚ ਨੂੰ ਡੇਰਾ ਖੁੱਲਣ ਤੇ ਉਹ ਇੱਥੇ ਆ ਸਕਣਗੇ ਤਾਂ ਇਸ ਦੌਰਾਨ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਡੇਰਾ ਬਿਆਸ ਦੀ ਵੈੱਬਸਾਈਟ ਰਾਹੀਂ ਟਰੱਸਟ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਕਰਕੇ ਪੈਦਾ ਹੋਏ ਸਿਹਤ ਸੰਬੰਧੀ ਸੰਕਟ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ ਕਿ 31 ਮਈ 2021 ਤੱਕ ਡੇਰਾ ਬਿਆਸ ਅਤੇ ਭਾਰਤ ਦੇ ਦੂਸਰੇ ਸਾਰੇ ਕੇਂਦਰਾਂ ਵਿਚ ਸਤਿਸੰਗ ਪ੍ਰੋਗਰਾਮ ਰੱਦ ਰਹਿਣਗੇ। ਡੇਰਾ ਬਿਆਸ ਸੰਗਤ ਅਤੇ ਸੈਲਾਨੀਆਂ ਲਈ ਵੀ 31 ਮਈ 2021 ਤੱਕ ਬੰਦ ਰਹੇਗਾ ਅਤੇ ਸੰਗਤ ਦੇ ਰਹਿਣ ਲਈ ਕੋਈ ਥਾਂ ਉਪਲੱਬਧ ਨਹੀਂ ਹੋਵੇਗੀ। ਜਿਕਰਯੋਗ ਹੈ ਕਿ ਲਾਕਡਾਊਨ ਦੌਰਾਨ ਜਿੱਥੇ ਡੇਰਾ ਬਿਆਸ ਵੱਲੋਂ ਰੋਜਾਨਾ ਹਜਾਰਾਂ ਪੈਕਟ ਖਾਣਾ ਤਾਜਾ ਖਾਣਾ ਤਿਆਰ ਕਰਕੇ ਸੇਵਾਦਾਰਾਂ ਰਾਹੀ ਲੋਕਾਂ ਨੂੰ ਘਰੋ ਘਰ ਪਹੁੰਚਿਆ ਜਾਂਦਾ ਰਿਹਾ, ਉੱਥੇ ਹੀ ਦਿੱਲੀ ਵਿੱਚ ਹਰ ਆਮ ਖਾਸ ਲਈ ਦੇਸ਼ ਦਾ ਸਭ ਤੋਂ ਵੱਡਾ ਆਈਸੋਲੇਸ਼ਨ ਸੈਂਟਰ ਬਣਾ ਕੇ ਦੇਣ ਤੋਂ ਇਲਾਵਾ ਸਮੂਹ ਸਤਿਸੰਗ ਘਰਾਂ ਵਿੱਚ ਆਈਸੋਲੇਸ਼ਨ ਸੈਂਟਰ ਬਣਾਏ ਗਏ ਸਨ। ਹੁਣ ਦੇਖਣਾ ਹੋਵੇਗਾ ਕਿ ਡੇਰਾ ਬਿਆਸ ਟਰੱਸਟ ਵੱਲੋਂ ਅਗਲਾ ਫੈਸਲਾ ਕਿ ਲਿਆ ਜਾਵੇਗਾ।