Elderly woman riding : ਭਿਖੀਵਿੰਡ : ਸਰਕਾਰ ਵੱਲੋਂ ਪਰਾਲੀ ਸਾੜਨ ‘ਤੇ ਜੁਰਮਾਨਾ ਤੇ ਸਜ਼ਾ ਦੀ ਵਿਵਸਥਾ ਕਰਨ ਤੋਂ ਬਾਅਦ ਵੀ ਲਗਾਤਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਪਰਾਲੀ ਸਾੜੀ ਜਾ ਰਹੀ ਹੈ। ਅੱਜ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਵੀਰਮ ਵਿਖੇ ਕਿਸਾਨ ਵੱਲੋਂ ਲਾਈ ਪਰਾਲੀ ਦੀ ਅੱਗ ‘ਚ ਇੱਕ ਬਜ਼ੁਰਗ ਔਰਤ ਦੇ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਔਰਤ ਇਸ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਈ ਤੇ ਹੁਣ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਨਜੀਤ ਕੌਰ ਵਾਸੀ ਪਿੰਡ ਵੀਰਮ ਜੋ ਕਿ ਆਪਣੇ ਪੋਤਰੇ ਲਵਪ੍ਰੀਤ ਸਿੰਘ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਭਿੱਖੀਵਿੰਡ ਨੂੰ ਆ ਰਹੀ ਸੀ ਤਾਂ ਜਦ ਉਹ ਪਿੰਡ ਵੀਰਵਾਰ ਤੋਂ ਥੋੜ੍ਹੀ ਹੀ ਬਾਹਰ ਆਈ ਤਾਂ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਈ ਹੋਈ ਸੀ ਜਿਸ ਕਾਰਨ ਉਨ੍ਹਾਂ ਨੂੰ ਕੁਝ ਦਿਖ ਨਹੀਂ ਸਕਿਆ ਅਤੇ ਉਹ ਅੱਗ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਬਜ਼ੁਰਗ ਔਰਤ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸ ਦਾ ਪੋਤਰੇ ਲਵਪ੍ਰੀਤ ਸਿੰਘ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।
ਦੱਸ ਦੇਈਏ ਕਿ ਅੱਗ ਵਿੱਚ ਝੁਲਸੀ ਔਰਤ ਨੂੰ ਰਾਹਗੀਰਾਂ ਨੇ ਕਿਸੇ ਤਰ੍ਹਾਂ ਅੱਗ ਵਿਚੋਂ ਬਾਹਰ ਕੱਢ ਕੇ ਭਿੱਖੀਵਿੰਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਹੈ ਜਿਥੇ ਉਸਦੀ ਹਾਲਤ ਗੰਭੀਰ ਬਣੀ ਬਣੀ ਹੋਈ ਹੈ। ਦੱਸ ਦੇਈਏ ਕਿ ਅੱਗ ਇੰਨੀ ਭਿਆਨਕ ਲੱਗੀ ਸੀ ਕਿ ਐਕਟਿਵਾ ਬੁਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ਗਈ। ਮੌਕੇ ‘ਤੇ ਪਹੁੰਚੇ ਥਾਣਾ ਖਾਲੜਾ ਪੁਲਿਸ ਵੱਲੋਂ ਐਕਟਿਵਾ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਜਦ ਇਸ ਸਬੰਧੀ ਜਦ ਥਾਣਾ ਖਾਲੜਾ ਦੇ ਐੱਸ ਐੱਚ ਓ ਨਰਿੰਦਰ ਸਿੰਘ ਢੋਟੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨ ਕਾਫੀ ਸਿਆਸੀ ਪਹੁੰਚ ਰੱਖਦੇ ਹਨ ਜਿਸ ਕਾਰਨ ਪੁਲਸ ਵੀ ਉਨ੍ਹਾਂ ਦੇ ਬਰਖ਼ਿਲਾਫ਼ ਬੋਲਣ ਤੋਂ ਕੰਨੀ ਕਤਰਾਉਂਦੀ ਰਹੀ ।