Farmers’ Rail Roko : ਅੰਮ੍ਰਿਤਸਰ : ਪੰਜਾਬ ‘ਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਰੇਲ ਰੋਕੋ ਅੰਦੋਲਨ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਦੇਵੀਦਾਸਪੁਰ ਦੇ ਰੇਲ ਟਰੈਕ ‘ਤੇ ਲਗਾਇਆ ਧਰਨਾ ਬੁੱਧਵਾਰ ਨੂੰ ਵੀ ਜਾਰੀ ਹੈ। ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਰੇਲ ਟਰੈਕ ‘ਤੇ ਧਰਨਾ ਜਾਰੀ ਰੱਖਣਗੇ। ਅੱਜ ਭਾਵੇਂ ਕੇਂਦਰ ਵੱਲੋਂ ਕਿਸਾਨਾਂ ਨੂੰ ਇਨ੍ਹਾਂ ਖੇਤੀ ਬਿੱਲਾਂ ਸਬੰਧੀ ਗੱਲਬਾਤ ਕਰਨ ਲਈ ਮੀਟਿੰਗ ਵਾਸਤੇ ਸੱਦਿਆ ਗਿਆ ਸੀ ਪਰ ਕਿਸਾਨ ਯੂਨੀਅਨ ਨੇ ਕੇਂਦਰ ਵੱਲੋਂ ਖੇਤੀ ਬਿੱਲਾਂ ‘ਤੇ ਕੀਤੀ ਮੀਟਿੰਗ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ।
ਸਵਰਨ ਸਿੰਘ ਪੰਧੇਰ ਨੇ ਸਾਰੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਵਪਾਰਕ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਕਰਨ ਲਈ ਅੱਗੇ ਆਉਣ। ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵੱਡੇ ਵਪਾਰਕ ਘਰਾਣਿਆਂ ਦੇ ਸਾਰੇ ਮਾਲ ਤੇ ਹੋਰ ਸੰਸਥਾਵਾਂ ਸੂਬੇ ‘ਚ ਬੰਦ ਕਰਵਾ ਦਿੱਤੇ ਜਾਣਗੇ। ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਜ਼ਮੀਨ ਅੰਬਾਨੀ ਅਡਾਨੀ ਵਪਾਰਕ ਸਮੂਹਾਂ ਨੂੰ ਦੇਣ ਲਈ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਥੋਪ ਰਹੀ ਹੈ। ਕਿਸਾਨਾਂ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਹੈ।
ਮੋਦੀ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪੰਜਾਬ ‘ਚ ਕਿਸਾਨ ਕੋਲ ਬਹੁਤ ਘੱਟ ਜ਼ਮੀਨ ਹੈ। ਉਹ ਇਸ ਜ਼ਮੀਨ ਨਾਲ ਆਪਣੇ ਪਰਿਵਾਰ ਦਾ ਪੇਟ ਬਹੁਤ ਮੁਸ਼ਕਲ ਨਾਲ ਪਾਲਦਾ ਹੈ। ਕਿਸਾਨ ਕਰਜ਼ੇ ‘ਚ ਡੁੱਬਾ ਹੋਇਆ ਹੈ। ਆਤਮਹੱਤਿਆ ਕਰ ਰਿਹਾ ਹੈ। ਇਹ ਕਾਲਾ ਕਾਨੂੰਨ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਖਰਾਬ ਕਰ ਦੇਵੇਗਾ। ਉਥੇ ਧਰਨੇ ‘ਤੇ ਬੈਠੇ ਕਿਸਾਨਾਂ ਨੇ ਰੇਲਵੇ ਟਰੈਕ ‘ਤੇ ਹੀ ਇੱਕ ਵੱਡਾ ਮਚ ਤਿਆਰ ਕਰ ਲਿਆ ਹੈ ਜਿਸ ‘ਤੇ ਬੈਠ ਕੇ ਕਿਸਾਨਾਂ ਦੇ ਸਮਰਥਨ ‘ਚ ਆਉਣ ਵਾਲੇ ਲੋਕ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਵੱਲੋਂ ਇਨ੍ਹਾਂ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।