Mr. Sukhbir and : ਅੰਮ੍ਰਿਤਸਰ : ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਸ. ਸੁਖਬੀਰ ਬਾਦਲ ਨੇ ਖੇਤੀ ਬਿੱਲਾਂ ਨੂੰ ਲੈ ਕੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕਿਸਾਨਾਂ ਦੇ ਹਿੱਤ ਬਾਰੇ ਇੰਨਾ ਹੀ ਸੋਚਦੇ ਹਨ ਤਾਂ ਉਹ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਦੇ। ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਗਾਤਾਰ ਇਨ੍ਹਾਂ ਖੇਤੀ ਬਿੱਲਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤਾਂ ਲਈ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ।
ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਤੱਕ ਇੱਕ ਵਾਰ ਵੀ ਇਨ੍ਹਾਂ ਖੇਤੀ ਬਿੱਲਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨਹੀਂ ਕੀਤੀ ਸਗੋਂ ਕਿਸਾਨਾਂ ਦੀ ਮੀਟਿੰਗ ਉਨ੍ਹਾਂ ਅਫਸਰਾਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਇਨ੍ਹਾਂ ਖੇਤੀ ਬਿੱਲਾਂ ਬਾਰੇ ਕੁਝ ਵੀ ਨਹੀਂ ਪਤਾ। ਉਲਟਾ ਕਿਸਾਨਾਂ ‘ਤੇ ਇਨ੍ਹਾਂ ਖੇਤੀ ਬਿੱਲਾਂ ਨੂੰ ਮੰਨਣ ਦਾ ਸਿਰਫ ਦਬਾਅ ਪਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਪੰਜਾਬ ‘ਚ ਬਿਜਲੀ ਦੀ ਖਪਤ ਬਹੁਤ ਘੱਟ ਗਈ ਹੈ ਜਿਸ ਨਾਲ ਪੰਜਾਬ ‘ਚ ਬਲੈਕ ਆਊਟ ਹੋ ਸਕਦਾ ਹੈ ਪਰ ਸ. ਬਾਦਲ ਨੇ ਕਿਹਾ ਕਿ ਇਸ ਸਭ ਲਈ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਜ਼ਿੰਮੇਵਾਰ ਹੋਣਗੇ ਕਿਉਂਕਿ ਜੇਕਰ ਉਨ੍ਹਾਂ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਕੇਂਦਰ ਸਰਕਾਰ ਸਾਹਮਣੇ ਰੱਖਿਆ ਜਾਂਦਾ ਤਾਂ ਇਸ ਤਰ੍ਹਾਂ ਦੀ ਨੌਬਤ ਹੀ ਨਹੀਂ ਆਉਣੀ ਸੀ।
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਵੀ ਵਿਚਾਰ-ਚਰਚਾ ਕੀਤੀ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਲਗਭਗ 100 ਸਾਲ ਹੋਣ ਲੱਗੇ ਹਨ ਤੇ ਸੇਵਾ ਕਰਨ ਦਾ ਫੈਸਲਾ ਹਮੇਸ਼ਾ ਸਿੱਖ ਸੰਗਤ ਵੱਲੋਂ ਹੀ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ‘ਚ ਖੜ੍ਹੀ ਹੈ ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ‘ਚ ਉਨ੍ਹਾਂ ਦੇ ਨਾਲ ਹੈ।