Taran Tarn Lockdown Guidelines: ਤਰਨ ਤਾਰਨ : ਕੋਵਿਡ-19 ਦੇ ਦਿਨੋਂ-ਦਿਨ ਵੱਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ। ਹੁਣ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ), ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾ ਅਨੁਸਾਰ ਕੋਵਿਡ-19 ਸਬੰਧੀ ਉਚਿਤ ਵਿਵਹਾਰ ਅਤੇ ਪਾਬੰਦੀਆਂ ਬਾਰੇ ਸੰਕਲਿਤ ਗਾਈਡਲਾਇਨਾਂ ਜਾਰੀ ਕੀਤੀ ਗਈਆਂ ਹਨ, ਜੋ ਕਿ 15 ਮਈ, 2021 ਤੱਕ ਲਾਗੂ ਰਹਿਣਗੀਆਂ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 144 ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਵਿੱਚ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ, ਜੋ ਕਿ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ 15 ਮਈ, 2021 ਤੱਕ ਹੇਠ ਲਿਖੇ ਅਨੁਸਾਰ ਪਾਬੰਦੀਆਂ/ ਹਦਾਇਤਾਂ ਸਖ਼ਤੀ ਅਤੇ ਸਾਵਧਾਨੀ ਨਾਲ ਲਾਗੂ ਹੋਣਗੇ।
- ਹੁਕਮਾਂ ਅਨੁਸਾਰ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 06:00 ਵਜੇ ਤੋਂ ਸਵੇਰੇ 05:00 ਵਜੇ ਤੱਕ ਅਤੇ ਹਫ਼ਤਾਵਾਰੀ ਕਰਫਿਊ ਸ਼ੁਕਰਵਾਰ ਸ਼ਾਮ 06:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਗੈਰ-ਜ਼ਰੂਰੀ ਗਤੀਵਿਧੀਆਂ ਲਈ ਲਾਗੂ ਰਹੇਗਾ। ਸਾਰੀਆਂ ਜ਼ਰੂਰੀ ਗਤੀਵਿਧੀਆਂ ਸਮੇਤ ਜੋ ਕਿ ਹੇਠਾਂ ਪੈਰ੍ਹਾ 2 ਵਿੱਚ ਹਨ, ਨੂੰ ਕਰਫਿਊ ਤੋਂ ਛੋਟ ਰਹੇਗੀ।
- ਪਬਲਿਕ ਟਰਾਂਸਪੋਰਟ (ਬੱਸਾਂ, ਟੈਕਸੀ, ਆਟੋਸ) ਵਿੱਚ ਸੀਮਿਤ ਗਿਣਤੀ 50 ਪ੍ਰਤੀਸ਼ਤ ਹੋਵੇਗੀ।ਸਾਰੇ ਬਾਰ, ਸਿਨੇਮਾ ਹਾਲ, ਜ਼ਿਮ, ਸਫਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।
- ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕੋਫੀ ਸ਼ੋਪਸ, ਫਾਸਟ ਫੂਡ ਆਊਟਲੈਟਸ, ਢਾਬੇ, ਆਦਿ ਅੰਦਰ ਬੈਠ ਕੇ ਖਾਣਾ ਖਾਣ ਲਈ ਬੰਦ ਰਹਿਣਗੇ, ਕੇਵਲ ਖਾਣਾ ਨਾਲ ਲੈ ਕੇ ਜਾਣ ਲਈ ਕੰਮ ਕਰ ਸਕਦੇ ਹਨ। ਹੋਮ ਡਲੀਵਿਰੀ ਦੀ ਰਾਤ 09:00 ਵਜੇ ਤੱਕ ਆਗਿਆ ਹੈ। ਕਿਸੇ ਵਿੱਚ ਰੈਸਟੋਰੈਂਟ, ਫਾਸਟ ਫੂਡ ਦੁਕਾਨ, ਕੋਫੀ ਸ਼ੋਪ ਅੰਦਰ ਬੈਠਣ ਦੀ ਆਗਿਆ ਨਹੀਂ ਹੋਵੇਗੀ।
- ਸਾਰੀਆਂ ਦੁਕਾਨਾਂ ਸਮੇਤ ਜੋ ਮਾਲ ਅਤੇ ਮਲਟੀਪਲੈਕਸ, ਆਦਿ ਦੇ ਅੰਦਰ ਹਨ, ਰੋਜ਼ਾਨਾ ਸ਼ਾਮ 05:00 ਵਜੇ ਬੰਦ ਹੋਣਗੀਆਂ।ਸਾਰੇ ਹਫ਼ਤਾਵਾਰ ਬਾਜ਼ਾਰ (ਜਿਵੇਂ ਕਿ ਆਪਣੀ ਮੰਡੀਆਂ) ਬੰਦ ਰਹਿਣਗੇ। ਸਾਰੇ ਸਮਾਜਿਕ, ਸਭਿਆਚਾਰਕ, ਖੇਡਾਂ ਦੇ ਇਕੱਠ ਅਤੇ ਇਸ ਤਰ੍ਹਾਂ ਨਾਲ ਜੁੜੇ ਕਾਰਜਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
- ਵਿਆਹ/ਅੰਤਿਮ ਸੰਸਕਾਰ ਦੇ ਮੌਕੇ ਤੇ 20 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਹੋਵੇਗੀ। ਅੰਤਿਮ ਸੰਸਕਾਰ ਤੋਂ ਇਲਾਵਾ, ਹਰੇਕ ਇਕੱਠ ਜਿਸ ਵਿੱਚ 10 ਤੋਂ ਵੱਧ ਲੋਕਾਂ ਨੇ ਸ਼ਾਮਿਲ ਹੋਣਾ ਹੈ ਦੀ ਪ੍ਰਵਾਨਗੀ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੈਣੀ ਜ਼ਰੂਰੀ ਹੋਵੇਗੀ। ਸਾਰੇ ਰਾਜਨੀਤਿਕ ਇਕੱਠਾਂ ‘ਤੇ ਜ਼ਿਲ੍ਹੇ ਭਰ ਵਿੱਚ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਕੇ ਇਕੱਠ ਕਰਨ ਵਾਲੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਸਮੇਤ ਜਗ੍ਹਾਂ ਦੇ ਮਾਲਕਾਂ ਅਤੇ ਟੈਂਟ ਹਾਊਸ ਵਾਲਿਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਰੋਗ ਐਕਟ ਤਹਿਤ ਐਫ.ਆਈ.ਆਰ ਦਰਜ ਕੀਤੀ ਜਾਵੇਗੀ। ਅਜਿਹੇ ਸਥਾਨਾਂ ਨੂੰ ਅਗਲੇ 3 ਮਹੀਨਿਆਂ ਲਈ ਸੀਲ ਕਰ ਦਿੱਤਾ ਜਾਵੇਗਾ।ਉਹ ਵਿਅਕਤੀ ਜੋ ਵੱਡੇ ਇਕੱਠਾਂ (ਧਾਰਮਿਕ/ਰਾਜਨੀਤਿਕ/ਸਮਾਜਿਕ) ਵਿੱਚ ਸ਼ਾਮਲ ਹੋਏ ਹਨ ਲਾਜ਼ਮੀ ਤੌਰ ‘ਤੇ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਰਹਿਣਗੇ ਅਤੇ ਪ੍ਰੋਟੋਕੋਲ ਅਨੁਸਾਰ ਟੈਸਟ ਕੀਤੇ ਜਾਣਗੇ।
- ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਅਤੇ ਕਾਲਜ ਬੰਦ ਰਹਿਣਗੇ, ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਡਿਊਟੀ ਤੇ ਹਾਜ਼ਰ ਰਹਿਣਗੇ।ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿ ਸਕਦੇ ਹਨ।ਸਾਰੀਆਂ ਭਰਤੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ।ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ, ਜਿਵੇਂ ਕਿ ਆਰਕੀਟੈਕਟ, ਚਾਰਟਰਡ ਅਕਾਊਂਟੈਂਟਸ, ਬੀਮਾਂ ਕੰਪਨੀਆਂ ਦੇ ਦਫ਼ਤਰਾਂ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੋਵੇਗੀ। ਸਰਕਾਰੀ ਦਫ਼ਤਰਾਂ ਵਿੱਚ ਤੰਦਰੁਸਤ/ਫਰੰਟਲਾਈਨ ਕਰਮਚਾਰੀਆਂ ਅਤੇ ਕਰਮਚਾਰੀ ਜਿਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ, ਜਿਨ੍ਹਾਂ ਨੂੰ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਵਿੱਚ ਘੱਟੋ-ਘੱਟ ਇਕ ਵੈਕਸੀਨ ਨਹੀਂ ਮਿਲੀ, ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਕਿਹਾ ਜਾਣਾ ਚਾਹੀਦਾ ਹੈ ਅਤੇ 45 ਸਾਲ ਤੋਂ ਘੱਟ ਕਰਮਚਾਰੀਆਂ ਨੂੰ ਕੇਵਲ ਨੈਗਟਿਵ ਆਰ.ਟੀ-ਪੀ.ਸੀ.ਆਰ ਰਿਪੋਰਟ (ਜੋ ਕਿ 5 ਦਿਨਾਂ ਤੋਂ ਪੁਰਾਣੀ ਨਾ ਹੋਵੇ) ਨਾਲ ਆਗਿਆ ਹੋਵੇਗੀ, ਨਹੀਂ ਤਾਂ ਛੁੱਟੀ ਲੈ ਕੇ ਘਰ ਵਿੱਚ ਰਹਿਣਾ ਚਾਹੀਦਾ ਹੈ। ਉੱਚ ਸਕਾਰਾਤਮਕ ਖੇਤਰਾਂ ਵਿੱਚ ਮਾਈਕਰੋ-ਕੰਟੇਨਮੈਂਟ ਜ਼ੋਨ ਵਧਾਏ ਜਾਣ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਣ। ਵਿਸ਼ੇਸ਼ ਨਿਗਰਾਨ ਹਦਾਇਤਾਂ ਲਾਗੂ ਕਰਨ ਲਈ ਨਿਯੁਕਤ ਕੀਤੇ ਜਾਣ।ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤ ਨਿਵਾਰਣ ਲਈ ਵਰਚੁਅਲ/ਆਨਲਾਈਨ ਦੁਆਰਾ ਤਰਜੀਹ ਦਿੱਤੀ ਜਾਵੇ। ਜਿਥੋਂ ਤੱਕ ਹੋ ਸਕੇ ਪਬਲਿਕ ਡੀਲਿੰਗ ਨੂੰ ਬੰਦ ਰੱਖਿਆ ਜਾਵੇ ਅਤੇ ਕੇਵਲ ਜ਼ਰੂਰੀ ਕੰਮ ਲਈ ਪਬਲਿਕ ਡੀਲਿੰਗ ਕੀਤੀ ਜਾਵੇ।
- ਸਾਰੇ ਤਹਿਸੀਲਦਾਰ/ਨਾਇਬ ਤਹਿਸੀਲਦਾਰ ਜਾਇਦਾਦ ਦੀ ਵਿਕਰੀ/ਖਰੀਦ ਦੇ ਕੰਮਾਂ ਲਈ ਪਬਲਿਕ ਨੂੰ ਸੀਮਤ ਅਪੁਆਇੰਟਮੈਂਟ ਜਾਰੀ ਕਰਨਗੇ।
ਹੇਠ ਲਿਖੇ ਅਨੁਸਾਰ ਗਤਿਵਿਧੀਆਂ/ਸੰਸਥਾਵਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੈਰ੍ਹਾ 1 ਵਿੱਚ ਦਰਸਾਈਆਂ ਪਾਬੰਦੀਆਂ ਤੋਂ ਛੋਟ ਹੋਵੇਗੀ।
- ਹਸਪਤਾਲ, ਵੈਟਨਰੀ ਹਸਪਤਾਲ ਅਤੇ ਸਾਰੀਆਂ ਸੰਸਥਾਵਾਂ (ਪਬਲਿਕ ਅਤੇ ਪ੍ਰਾਈਵੇਟ ਸੈਕਟਰ) ਦਵਾਈਆਂ ਅਤੇ ਮੈਡੀਕਲ ਉਪਕਰਣ ਦੇ ਨਿਰਮਾਣ ਅਤੇ ਸਪਲਾਈ ਨਾਲ ਸਬੰਧਤ। ਇਨ੍ਹਾਂ ਅਦਾਰਿਆਂ ਦੇ ਸਾਰੇ ਕਰਮਚਾਰੀਆਂ ਨੂੰ ਪਛਾਣ ਪੱਤਰਾਂ ਦੇ ਅਧਾਰ ਤੇ ਆਉਣ-ਜਾਣ ਦੀ ਆਗਿਆ ਹੋਵੇਗੀ।ਈ-ਕਾਮਰਸ ਅਤੇ ਸਮਾਨ ਦੀ ਆਵਾਜਾਈ।
- ਕੈਮਿਸਟ ਦੁਕਾਨਾਂ ਅਤੇ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਦੁਕਾਨਾਂ- ਦੁੱਧ, ਬ੍ਰੈਡ, ਸਬਜ਼ੀਆਂ, ਫਲ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ, ਮੀਟ, ਆਦਿ ਨੂੰ ਛੋਟ ਹੋਵੇਗੀ।
- ਹਵਾਈ, ਰੇਲਾਂ ਅਤੇ ਬੱਸਾਂ ਰਾਂਹੀ ਸਫਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ‘ਤੇ ਜਾਣ ਲਈ ਯਾਤਰਾ ਨਾਲ ਸਬੰਧਤ ਦਸਤਾਵੇਜ਼ ਦਿਖਾਉਣ ‘ਤੇ ਛੋਟ ਹੋਵੇਗੀ।
- ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਉਸਾਰੀ ਦੀਆਂ ਗਤੀਵਿਧੀਆਂ।ਖੇਤੀਬਾੜੀ ਸਮੇਤ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਨਰੀ ਸੇਵਾਵਾਂ ਨੂੰ ਛੋਟ ਹੋਵੇਗੀ।ਵੱਖ-ਵੱਖ ਥਾਵਾਂ ‘ਤੇ ਕੋਵਿਡ ਟੀਕਾਕਰਣ ਕੈਂਪਾਂ ਨੂੰ ਛੋਟ ਹੋਵੇਗੀ।
ਹੇਠ ਲਿਖੇ ਨਿਰਮਾਣ ਉਦਯੋਗ ਅਤੇ ਸੇਵਾਵਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਕਰਮਚਾਰੀਆਂ/ਕਾਮਿਆਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਮਾਲਕਾਂ ਪਾਸੋਂ ਲੋੜੀਂਦੀ ਪ੍ਰਵਾਨਗੀ ਦਿਖਾਉਣ ‘ਤੇ ਪਾਬੰਦੀਆਂ ਤੋਂ ਛੋਟ ਹੋਵੇਗੀ।
- ਦੂਰ ਸੰਚਾਰ, ਇੰਟਰਨੈੱਟ ਸੇਵਾਵਾਂ, ਪ੍ਰਸਾਰਣ ਅਤੇ ਕੇਬਲ ਸੇਵਾਵਾਂ, ਆਈ. ਟੀ ਅਤੇ ਆਈ. ਟੀ ਯੋਗ ਸੇਵਾਵਾਂ।ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐਲ. ਪੀ. ਜੀ., ਪੈਟਰੋਲੀਅਮ ਅਤੇ ਗੈਸ ਪ੍ਰਚੂਨ ਅਤੇ ਸਟੋਰੇਜ ਆਊਟਲੈਂਟਸ।ਬਿਜਲੀ ਉਤਪਾਦਨ, ਸੰਚਾਰਣ ਅਤੇ ਵੰਡ ਯੂਨਿਟ ਅਤੇ ਸੇਵਾਵਾਂ।ਕੋਲਡ ਸਟੋਰੇਜ ਅਤੇ ਗੋਦਾਮ ਸੇਵਾਵਾਂ।
- ਸਾਰੇ ਬੈਂਕਿੰਗ/ਆਰ.ਬੀ.ਆਈ ਸੇਵਾਵਾਂ, ਏ.ਟੀ.ਐਮ, ਕੈਸ਼ ਵੈਨਾਂ ਅਤੇ ਕੈਸ਼ ਹੈਂਡਲਿੰਗ/ਵੰਡ ਸੇਵਾਵਾਂ ਆਦਿ। ਹੁਕਮਾਂ ਅਨੁਸਾਰ ਸਾਰੇ ਸਬੰਧਤ ਅਧਿਕਾਰੀ ਜ਼ਿਲ੍ਹੇ ਵਿੱਚ ਭਾਰਤ ਸਰਕਾਰ/ਰਾਜ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਜਿਵੇਂ ਕਿ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਦੇ ਨਿਯਮ (ਦੋ ਗਜ਼ ਦੀ ਦੂਰੀ), ਮਾਰਕੀਟ ਸਥਾਨਾਂ ਅਤੇ ਪਬਲਿਕ ਆਵਾਜਾਈ ਵਿੱਚ ਭੀੜ ਨੂੰ ਨਿਯਮਤ ਰੱਖਣਾ ਅਤੇ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜ਼ੁਰਮਾਨੇ ਲਗਾਉਣਾ ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ ‘ਤੇ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ।
- ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ. ਪੀ. ਸੀ. ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।