The agitation of : ਅੰਮ੍ਰਿਤਸਰ : ਪੰਜਾਬ ‘ਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ ਦੇ ਪਿੰਡ ਦੇਵੀਦਾਸਪੁਰਾ ‘ਚ ਕਿਸਾਨ ਬੁੱਧਵਾਰ ਨੂੰ ਵੀ ਰੇਲਵੇ ਟਰੈਕ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਇਥੇ ਰੇਲਵੇ ‘ਤੇ ਧਰਨੇ ਦਾ 7ਵਾਂ ਦਿਨ ਹੈ। ਵੀਰਵਾਰ 1 ਅਕਤੂਬਰ ਤੋਂ ਕਿਸਾਨ ਪੂਰੇ ਪੰਜਾਬ ‘ਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਗੇ। ਕਿਸਾਨ ਇਸ ਦੌਰਾਨ ਰੇਲਵੇ ਟਰੈਕ ‘ਤੇ ਧਰਨਾ ਦੇ ਕੇ ਟ੍ਰੇਨਾਂ ਨੂੰ ਰੋਕਣਗੇ। ਇਸ ਨਾਲ ਰੇਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਰੇਲਵੇ ਦਾ ਵੀ ਕਾਫੀ ਨੁਕਸਾਨ ਹੋਵੇਗਾ। ਰੇਲਵੇ ਨੇ ਪੰਜਾਬ ‘ਚ ਟ੍ਰੇਨਾਂ ਦਾ ਸੰਚਾਲਨ ਅੱਜ ਤੋਂ ਹੀ ਬੰਦ ਕਰਨ ਦਾ ਐਲਾਨ ਕੀਤਾ ਹੈ।
ਅੰਮ੍ਰਿਤਸਰ ਦੇ ਦੇਵੀਦਾਸਪੁਰਾ ਪਿੰਡ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲਵੇ ਟਰੈਕ ‘ਤੇ ਧਰਨਾ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਅੱਜ ਨਿਜੀ ਕੰਪਨੀਆਂ ਦੇ ਪੋਸਟਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ। ਕੱਲ੍ਹ ਵੀਰਵਾਰ ਤੋਂ ਕਿਸਾਨ ਪੂਰੇ ਪੰਜਾਬ ‘ਚ ਰੇਲ ਰੋਕੋ ਅੰਦੋਲਨ ਕਰਨਗੇ। ਇਸ ਲਈ ਕਿਸਾਨ ਸੰਗਠਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਸੰਗਠਨਾਂ ਨੇ ਕਿਹਾ ਹੈ ਕਿ ਰੇਲ ਟਰੈਕਾਂ ‘ਤੇ ਧਰਨਾ ਦਿੱਤਾ ਜਾਵੇਗਾ ਤੇ ਪੂਰੇ ਪੰਜਾਬ ‘ਚ ਟ੍ਰੇਨਾਂ ਨੂੰ ਰੋਕਿਆ ਜਾਵੇਗਾ। ਇਹ ਰੇਲ ਰੋਕੋ ਅੰਦੋਲਨ 5 ਅਕਤੂਬਰ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਚਲਾਇਆ ਸੀ।
ਦੂਜੇ ਪਾਸੇ ਰੇਲਵੇ ਵੱਲੋਂ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਟ੍ਰੇਨਾਂ ਨੂੰ ਪੰਜਾਬ ‘ਚ ਦਾਖਲ ਕਰਨ ਦੀ ਬਜਾਏ ਉਨ੍ਹਾਂ ਨੂੰ ਰੱਦ ਜਾਂ ਸ਼ਾਰਟ ਟਰਮੀਨੇਟ ਕਰ ਦਿੱਤਾ ਗਿਆ ਹੈ। ਟ੍ਰੇਨਾਂ ਚੱਲਣਗੀਆਂ ਪਰ ਪੰਜਾਬ ‘ਚ ਦਾਖਲ ਨਹੀਂ ਹੋਣਗੀਆਂ। ਟ੍ਰੇਨਾਂ ਨੂੰ ਹਰਿਆਣਾ ਦੇ ਅੰਬਾਲਾ ਤੱਕ ਹੀ ਚਲਾਇਆ ਜਾਵੇਗਾ। ਇਸ ਕਾਰਨ ਟ੍ਰੇਨਾਂ ਅੰਬਾਲਾ ਤੋਂ ਅੰਮ੍ਰਿਤਸਰ ਸਮੇਤ ਸੂਬੇ ਦੇ ਹੋਰ ਰੂਟਾਂ ‘ਤੇ ਨਹੀਂ ਚੱਲਣਗੀਆਂ। ਇਸ ਨਾਲ ਪੰਜਾਬ ‘ਚ ਬਾਹਰ ਤੋਂ ਆਉਣ ਵਾਲੇ ਤੇ ਪੰਜਾਬ ਦੇ ਯਾਤਰੀਆਂ ਨੂੰ ਆਪਣੇ ਹੀ ਸ਼ਹਿਰ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਵੱਲੋਂ ਉਨ੍ਹਾਂ ਨੂੰ ਬਾਕੀ ਦੇ ਹਿੱਸੇ ਦੀ ਯਾਤਰਾ ਨਾ ਕਰਵਾਏ ਜਾਣ ‘ਤੇ ਰਿਫੰਡ ਦਿੱਤਾ ਜਾਵੇਗਾ। ਅੰਮ੍ਰਿਤਸਰ ਹਰਿਦੁਆਰਾ ਐਕਸਪ੍ਰੈਸ 02054-53 ਅਤੇ ਨਿਊ ਦਿੱਲੀ ਜੰਮੂਤਵੀ ਰਾਜਧਾਨੀ ਐਕਸਪ੍ਰੈਸ 02425-25 ਟ੍ਰੇਨ 30 ਸਤੰਬਰ ਨੂੰ ਰੱਦ ਰਹੇਗੀ।