ਮਾਛੀਵਾੜਾ ਸਾਹਿਬ ਵਿਖੇ ਕੁਹਾੜਾ ਰੋਡ ’ਤੇ ਸਥਿਤ ਪਿੰਡ ਇਰਾਕ ਵਿਖੇ ਮੋਬਾਇਲਾਂ ਦੀ ਦੁਕਾਨ ਕਰਦੇ ਨਿਤੇਸ਼ ਕੁਮਾਰ ਨੂੰ ਅਗਵਾ ਕਰ ਉਸਦੇ ਪਰਿਵਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਫਿਰੌਤੀ ਨਾ ਮਿਲਣ ਤੇ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਲੰਘੀ 3 ਸਤੰਬਰ ਦੀ ਰਾਤ ਨੂੰ ਨੌਜਵਾਨ ਨਿਤੇਸ਼ ਨੂੰ ਅਗਵਾ ਕਰਨ ਉਪਰੰਤ ਅਗਵਾਕਾਰਾਂ ਨੇ ਉਸ ਦੇ ਪਰਿਵਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਜਿਸ ’ਤੇ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਨੌਜਵਾਨ ਨੂੰ ਅਗਵਾ ਕਰਨ ਵਾਲਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਐੱਸ.ਐੱਸ.ਪੀ. ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ’ਚ ਥਾਣਾ ਮੁਖੀ ਵਿਜੈ ਕੁਮਾਰ, ਸਹਾਇਕ ਥਾਣੇਦਾਰ ਜਰਨੈਲ ਸਿੰਘ, ਸਹਾਇਕ ਥਾਣੇਦਾਰ ਦਰਸ਼ਨ ਲਾਲ ਵਲੋਂ ਅੰਮ੍ਰਿਤਸਰ, ਜਲੰਧਰ ਅਤੇ ਯੂ.ਪੀ. ਵਿਚ ਜਾ ਕੇ ਛਾਪੇਮਾਰੀ ਕੀਤੀ ਗਈ।
ਪੁਲਸ ਵਲੋਂ ਅਗਵਾਕਾਰਾਂ ਦੀਆਂ ਮੋਬਾਇਲ ਲੋਕੇਸ਼ਨਾਂ ਅਤੇ ਹੋਰ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਇਸ ਮਾਮਲੇ ਦੀ ਮੁੱਖ ਦੋਸ਼ੀ ਸ਼ਤਰੁਗਣ ਦਾ ਪਿੱਛਾ ਕਰਦੇ ਉਸ ਨੂੰ ਯੂ.ਪੀ. ਦੇ ਕਲਕਟਰਗੰਜ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੀ ਪਹਿਚਾਣ ਅਗਵਾ ਕੀਤੇ ਨੌਜਵਾਨ ਨਿਤੇਸ਼ ਦੇ ਦੋਸਤ ਸ਼ਤਰੁਘਣ ਵਜੋਂ ਹੋਈ। ਮਾਛੀਵਾਡ਼ਾ ਪੁਲਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਯੂ.ਪੀ. ਤੋਂ ਮਾਛੀਵਾਡ਼ਾ ਲਿਆਂਦਾ ਗਿਆ ਜਿੱਥੇ ਅਦਾਲਤ ਵਿਚ ਪੇਸ਼ ਕਰ ਰਿਮਾਂਡ ਲਿਆ ਗਿਆ। ਮਾਛੀਵਾੜਾ ਪੁਲਸ ਵਲੋਂ ਡਿਊਟੀ ਮਜਿਸਟ੍ਰੇਟ ਦੀ ਮੌਜੂਦਗੀ ਵਿਚ ਅਗਵਾਕਾਰ ਸ਼ਤਰੁਘਣ ਦੀ ਨਿਸ਼ਾਨਦੇਹੀ ’ਤੇ ਨੌਜਵਾਨ ਨਿਤੇਸ਼ ਕੁਮਾਰ ਦੀ ਲਾਸ਼ ਪਿੰਡ ਇਰਾਕ ਨੇੜੇ ਖੇਤਾਂ ’ਚੋਂ ਹੀ ਬਰਾਮਦ ਕਰ ਲਈ ਜਿਸ ਦਾ ਹੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਸ਼ਤਰੁਗਣ ਧਾਗਾ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਨੌਜਵਾਨ ਨਿਤੇਸ਼ ਨੇੜੇ ਹੀ ਮੋਬਾਇਲ ਦੁਕਾਨ ਚਲਾ ਰਿਹਾ ਸੀ ਅਤੇ ਦੋਵੇਂ ਆਪਸ ਵਿਚ ਦੋਸਤ ਹਨ।
ਸ਼ਤਰੁਗਣ ਤੇ ਉਸਦਾ ਦੋਸਤ ਰਾਕੇਸ਼ ਆਰਿਥਕ ਤੰਗੀ ਝੱਲ ਰਹੇ ਸਨ ਅਤੇ ਨਸ਼ੇ ਕਰਨ ਦੇ ਆਦੀ ਸਨ। ਇਨ੍ਹਾਂ ਦੋਵਾਂ ਨੇ ਯੋਜਨਾ ਬਣਾਈ ਕਿ ਨਿਤੇਸ਼ ਕੁਮਾਰ ਨੂੰ ਅਗਵਾ ਕਰ ਉਸਦਾ ਪਿਤਾ ਜੋ ਕਿ ਸ਼ਿਵਾ ਫੈਕਟਰੀ ’ਚ ਸੁਪਰਵਾਈਜ਼ਰ ਹੈ ਉਸ ਕੋਲੋਂ ਲੱਖਾਂ ਰੁਪਏ ਫਿਰੌਤੀ ਮੰਗੀ ਜਾਵੇ। 3 ਸਤੰਬਰ ਦੀ ਰਾਤ ਨੂੰ ਸ਼ਤਰੁਗਣ ਤੇ ਰਾਕੇਸ਼ ਵਲੋਂ ਨਿਤੇਸ਼ ਨੂੰ ਮੋਬਾਇਲ ਦੁਕਾਨ ਬੰਦ ਕਰਨ ਤੋਂ ਬਾਅਦ ਆਪਣੇ ਨਾਲ ਪਿੰਡ ਇਰਾਕ ਦੇ ਖੇਤਾਂ ਵੱਲ ਸੁੰਨਸਾਨ ਜਗ੍ਹਾ ’ਤੇ ਲੈ ਗਏ ਜਿੱਥੇ ਉਨ੍ਹਾਂ ਬੈਠ ਕੇ ਨਸ਼ਾ ਕੀਤਾ। ਜਾਣਕਾਰੀ ਅਨੁਸਾਰ ਫਿਰ ਉਨ੍ਹਾਂ ਨੇ ਖੇਤਾਂ ’ਚ ਲਿਜਾ ਕੇ ਨਿਤੇਸ਼ ਨੂੰ ਬੰਧਕ ਬਣਾ ਉਸਦੀ ਕੁੱਟਮਾਰ ਕਰ ਮਜ਼ਬੂਰ ਕੀਤਾ ਕਿ ਉਹ ਆਪਣੇ ਮੋਬਾਇਲ ’ਤੇ ਪਰਿਵਾਰ ਨੂੰ ਸੰਦੇਸ਼ ਭੇਜੇ ਕਿ ਉਸਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਪਹਿਲਾਂ ਅਗਵਾਕਾਰਾਂ ਨੇ 10 ਲੱਖ ਰੁਪਏ ਫਿਰੌਤੀ ਮੰਗੀ। ਅਗਵਾਕਾਰਾਂ ਵਲੋਂ ਨਿਤੇਸ਼ ਦੀ ਕੁੱਟਮਾਰ ਵਾਲੀਆਂ ਫੋਟੋਆਂ ਵੀ ਪਰਿਵਾਰ ਨੂੰ ਭੇਜੀਆਂ ਜਿਸ ’ਤੇ ਨਿਤੇਸ਼ ਕੁਮਾਰ ਦੇ ਪਿਤਾ ਪ੍ਰਮੋਦ ਕੁਮਾਰ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਅਗਵਾਕਾਰ ਸ਼ਤਰੁਗਣ ਤੇ ਰਾਕੇਸ਼ ਨੇ 3 ਸਤੰਬਰ ਦੀ ਅੱਧੀ ਰਾਤ ਨੂੰ ਹੀ ਨਿਤੇਸ਼ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਖੇਤਾਂ ’ਚ ਸੁੱਟ ਕੇ ਫ਼ਰਾਰ ਹੋ ਗਏ। ਇਹ ਅਗਵਾਕਾਰ ਪਰਿਵਾਰ ਤੋਂ ਫਿਰੌਤੀ ਵੀ ਮੰਗਦੇ ਰਹੇ ਅਤੇ ਮਾਛੀਵਾੜਾ ਪੁਲਸ ਇਨ੍ਹਾਂ ਦਾ ਪਿੱਛੇ ਕਰਦੇ ਹੋਏ ਯੂ.ਪੀ. ਦੇ ਕਲਕਟਰਗੰਜ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ ਜਿੱਥੇ ਸ਼ਤਰੁਗਣ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਰਾਕੇਸ਼ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵਲੋਂ ਅੱਜ ਡਿਊਟੀ ਮਜਿਸਟ੍ਰੇਟ ਦੀ ਮੌਜੂਦਗੀ ਵਿਚ ਮ੍ਰਿਤਕ ਨਿਤੇਸ਼ ਦੀ ਲਾਸ਼ ਨੂੰ ਬਰਾਮਦ ਕਰਨ ਉਪਰੰਤ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ। ਪੁਲਸ ਨੇ ਇਸ ਕਤਲ ਦੇ ਮਾਮਲੇ ’ਚ ਸ਼ਤਰੁਗਣ ਤੇ ਰਾਕੇਸ਼ ਖਿਲਾਫ਼ ਅਗਵਾ ਤੋਂ ਇਲਾਵਾ ਕਤਲ ਕਰਨ ਦੀ ਧਾਰਾ-302 ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਕਿ ਇਸ ਮਾਮਲੇ ’ਚ ਕਿਸੇ ਹੋਰ ਦੀ ਸ਼ਮੂਲੀਅਤ ਤਾਂ ਨਹੀਂ।