ਭਦੌੜ ਦੇ ਨੇੜਲੇ ਪਿੰਡ ਚੰਨਣਵਾਲ ਵਿਖੇ ਬੀਤੀ ਰਾਤ ਇਕ ਮਜ਼ਦੂਰ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਆਰਥਕ ਤੰਗੀ ਕਾਰਨ ਘਰ ਵਿਚ ਖੜ੍ਹੀ ਨਿੰਮ ਦੇ ਦਰੱਖ਼ਤ ਨਾਲ ਪਰਨਾ ਪਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਕਮਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਤੀ ਏ ਦੀਪ ਸਿੰਘ 31 ਸਾਲ ਪੁੱਤਰ ਮੇਵਾ ਸਿੰਘ ਵਾਸੀ ਚੰਨਣਵਾਲ ਜੋ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਆ ਰਿਹਾ ਸੀ ਅਤੇ ਪਿਛਲੇ ਸਮੇਂ ਤੋਂ ਲਾਕਡਾਓੂਨ ਕਾਰਨ ਮਿਹਨਤ ਮਜ਼ਦੂਰੀ ਦਾ ਕੰਮ ਪੂਰਾ ਨਾ ਮਿਲਣ ਕਰਕੇ ਮਾਨਸਿਕ ਪ੍ਰੇਸ਼ਾਨੀ ਤੋਂ ਗੁਜ਼ਰਦਿਆਂ ਉਸ ਨੇ ਆਰਥਿਕ ਤੰਗੀ ਕਾਰਨ ਬੀਤੀ ਰਾਤ ਨਿੰਮ ਦੇ ਦਰੱਖ਼ਤ ਨਾਲ ਪਰਨਾ ਪਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਉਸਨੂੰ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਲੰਘੀ ਰਾਤ ਨੂੰ 2 ਵਜੇ ਦੇ ਕਰੀਬ ਉੱਠ ਕੇ ਦੇਖਿਆ ਤਾਂ ਉਹ ਮੰਜੇ ਉੱਪਰ ਨਹੀਂ ਸੀ। ਪਰਿਵਾਰਕ ਮੈਬਰਾਂ ਨੇ ਰੌਲਾ ਪਾਇਆ ਆਂਢ ਗੁਆਂਢ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਏਧਰ ਓਧਰ ਪਿੰਡ ਵਿੱਚ ਭਾਲ ਕੀਤੀ ਤਾਂ ਉਸਦਾ ਕੋਈ ਪਤਾ ਨਾ ਲੱਗ ਸਕਿਆ।
ਉਨ੍ਹਾਂ ਕਿਹਾ ਕਿ ਜਦੋਂ ਬੱਚਿਆਂ ਨੇ ਨਿੰਮ ਦੇ ਦਰੱਖਤ ਕੋਲ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰੀ ਸੂਚਨਾ ਪਿੰਡ ਦੀ ਗਰਾਮ ਪੰਚਾਇਤ ਨੂੰ ਦਿੱਤੀ ਗਈ। ਉਨ੍ਹਾਂ ਵੱਲੋਂ ਤੁਰੰਤ ਥਾਣਾ ਮਹਿਲ ਕਲਾਂ ਦੀ ਪੁਲਸ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਸਦੇ ਪਤੀ ਦੇ ਚਲੇ ਜਾਣ ਕਾਰਨ ਹੁਣ ਘਰ ਵਿੱਚ ਸਿਰਫ ਉਸਦੀ ਪਤਨੀ ਅਤੇ ਉਸਦੇ ਤਿੰਨ ਲੜਕੇ ਰਹਿ ਗਏ ਹਨ ਅਤੇ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੌਕੇ ‘ਤੇ ਪਹੁੰਚ ਕੇ ਦਰੱਖਤ ਨਾਲ ਲਟਕਦੀ ਲਾਸ਼ ਨੂੰ ਲਾਹ ਕੇ ਆਪਣੇ ਕਬਜ਼ੇ ਵਿੱਚ ਲਿਆ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਏਐਸਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਮ੍ਰਿਤਕ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾਂ ਅਨੁਸਾਰ ਮਾਨਸਿਕ ਪ੍ਰੇਸ਼ਾਨੀ ਤੇ ਚਲਦਿਆਂ ਉਸ ਨੇ ਆਰਥਿਕ ਤੰਗੀ ਕਾਰਨ ਕੀਤੀ ਗਈ ਖੁਦਕੁਸ਼ੀ ਦੇ ਆਧਾਰ ਤੇ 174 ਕਾਰਵਾਈ ਅਮਲ ‘ਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਇਸ ਮੌਕੇ ਸਰਪੰਚ ਬੂਟਾ ਸਿੰਘ ਚੰਨਣਵਾਲ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ ਅਤੇ ਜਸਬੀਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਰਿਵਾਰ ਦੇ ਮੁੜ ਵਸੇਬੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ।