ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਮੁੜ ਤੇਜ ਹੋ ਗਈਆਂ ਹਨ। ਕੁਝ ਸ਼ਰਾਰਤੀ ਅਨਸਰਾਂ ਨੇ ਨੌਜਵਾਨਾਂ ਅੰਦਰ ਫਿਰ ਤੋਂ ਭੜਕਾਹਟ ਪੈਦਾ ਕਰਨ ਲਈ ਸਮਰਾਲਾ ਦੇ ਪਿੰਡ ਬਘੌਰ ਵਿਖੇ ‘ਪੰਜਾਬ ਦਾ ਹੱਲ ਖਾਲਿਸਤਾਨ’ ਅਤੇ ‘ਰਿਫਰੈੱਡਮ-2020’ ਲਈ ਵੋਟਾਂ ਬਣਵਾਓ ਦੇ ਨਾਅਰੇ ਲਿੱਖ ਕੇ ਮਾਹੌਲ ਵਿਗਾੜਨ ਦੀ ਚਾਲ ਖੇਡੀ ਹੈ। ਇਸ ਤੋਂ ਪਹਿਲਾ ਵੀ ਪਿੱਛਲੇ ਮਹੀਨੇ ਸ਼ਰਾਰਤੀ ਅਨਸਰਾਂ ਵੱਲੋਂ ਸਮਰਾਲਾ ਇਲਾਕੇ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਇਹ ਨਾਅਰੇ ਲਿੱਖਣਾ ਕਿ ‘ਕਿਸਾਨ ਹੱਲ ਖਾਲਿਸਤਾਨ’ ਅਤੇ ਖਾਲਿਸਤਾਨ ਜਿੰਦਾਬਾਦ ਇਸ ਗੱਲ ਵੱਲ ਸਪਸ਼ਟ ਇਸ਼ਾਰਾ ਕਰ ਰਿਹਾ ਹੈ ਕਿ ਖਾਲਿਸਤਾਨੀ ਸਮਰਥਕਾਂ ਨੇ ਪੰਜਾਬ ਵਿੱਚ ਆਪਣਾ ਨੈੱਟਵਰਕ ਮੁੜ ਸਰਗਰਮ ਕਰਨ ਦੀਆਂ ਗਤੀਵਿਧੀਆਂ ਚਾਲੂ ਕਰ ਦਿੱਤੀਆਂ ਹਨ।
ਅੱਜ ਸਵੇਰੇ ਜਿਵੇ ਹੀ ਪਿੰਡ ਬਘੌਰ ਵਿਖੇ ਸ਼ਹੀਦੀ ਗੇਟ ਉੱਤੇ ਲੋਕਾਂ ਵੱਲੋਂ ਲਾਲ ਰੰਗ ਦੀ ਸਿਹਾਈ ਨਾਲ ਖਾਲਿਸਤਾਨੀ ਨਾਅਰੇ ਜਿਸ ਵਿੱਚ ਪੰਜਾਬ ਦਾ ਹੱਲ ਖਾਲਿਸਤਾਨ ਅਤੇ ਰਿਫਰੈੱਡਮ-2020 ਲਈ ਵੋਟਾਂ ਬਣਾਉਣ ਬਾਰੇ ਲਿਖਿਆ ਗਿਆ, ਨੂੰ ਵੇਖਿਆ ਤਾਂ ਪੁਲਸ ਨੂੰ ਇਤਲਾਹ ਦਿੱਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਦੇ ਹਨੇਰੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਇਹ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ ਅਤੇ ਪੁਲਸ ਨੇ ਮੌਕੇ ਉੱਤੇ ਪਹੰੁਚ ਕੇ ਇਨਾਂ ਨੂੰ ਕਾਲੇ ਰੰਗ ਨਾਲ ਉੱਥੋਂ ਮਿਟਾ ਦਿੱਤਾ ਹੈ। ਇਸ ਤੋਂ ਪਹਿਲਾ 1 ਅਗਸਤ ਨੂੰ ਵੀ ਸਮਰਾਲਾ ਸ਼ਹਿਰ ਦੇ ਬਾਈਪਾਸ ਪੁਲ ਅਤੇ ਨੇੜਲੇ ਨੀਲੋਂ ਨਹਿਰ ਪੁਲ ਉੱਤੇ ਰਾਤ ਦੇ ਹਨੇਰੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ‘ਕਿਸਾਨੀ ਹੱਲ ਖਾਲਿਸਤਾਨ’ ਲਾਲ ਰੰਗ ਦੀ ਸਿਹਾਈ ਨਾਲ ਲਿੱਖ ਕੇ ਦਹਿਸ਼ਤ ਅਤੇ ਭੜਕਾਹਟ ਵਾਲਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਜਿਹੇ ਭੜਕਾਊ ਨਾਅਰੇ ਕੁਝ ਦੇਰ ਪਹਿਲਾ ਵੀ ਲਿੱਖੇ ਗਏ ਸਨ, ਪ੍ਰੰਤੂ ਉਸ ਵੇਲੇ ਪੁਲਸ ਨੇ ਇਨਾਂ ਨੂੰ ਕੰਧਾਂ ਤੋਂ ਮਿਟਾ ਦਿੱਤਾ ਸੀ। ਓਧਰ ਡੀ.ਐੱਸ.ਪੀ. ਸਮਰਾਲਾ ਨੇ ਇਸ ਮਾਮਲੇ ’ਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖਦਿਆ ਕਿਹਾ ਕਿ ਖਾਲਿਸਤਾਨੀ ਨਾਅਰੇ ਲਿੱਖਣ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ।