ਬੀਤੇ 11 ਸਾਲ ਪਹਿਲਾਂ ਫਿਰੋਜ਼ਪੁਰ ਵਿਖੇ ਵਿਆਹੀ ਹਰਵਿੰਦਰ ਕੌਰ ਪੁੱਤਰੀ ਜਗੀਰ ਸਿੰਘ ਵਾਸੀ ਪਿੰਡ ਸਾਂਧਰਾ ਨੇ ਅੱਜ ਆਪਣੇ ਪੇਕੇ ਘਰ ਆਪਣੇ ਸਹੁਰੇ ਅਜਮੇਰ ਸਿੰਘ ਰਿਟਾਇਰਡ ਐੱਸ ਪੀ ਅਤੇ ਘਰਵਾਲਾ ਰਮਨਦੀਪ ਸਿੰਘ ਅਤੇ ਸੱਸ ਬਲਵਿੰਦਰ ਕੌਰ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖਬਰ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਹਰਵਿੰਦਰ ਕੌਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਰਮਨਦੀਪ ਸਿੰਘ ਪੇਸ਼ੇ ਤੋਂ ਵਕੀਲ ਅਤੇ ਸਹੁਰਾ ਅਜਮੇਰ ਸਿੰਘ ਰਟਾਇਰ ਐੱਸ.ਪੀ ਹੈ ਅਤੇ ਹਰਵਿੰਦਰ ਕੌਰ ਦੀ ਸੱਸ ਜੋ ਕਿ ਵਿਆਹ ਤੋਂ ਕੁੱਝ ਟਾਇਮ ਬਾਅਦ ਹੀ ਉਨ੍ਹਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਸਨ।
ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੀ ਸਾਡੀ ਲੜਕੀ ਨਾਲ ਕੁੱਟਮਾਰ ਅਤੇ ਦੁਰਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਵਾਰ ਉਹ ਪਿੰਡ ਦੀ ਪੰਚਾਇਤ ਨੂੰ ਲੈ ਕੇ ਇਨ੍ਹਾਂ ਵਿਅਕਤੀਆਂ ਨਾਲ ਫ਼ੈਸਲਾ ਕਰ ਚੁੱਕੇ ਹਨ ਪ੍ਰੰਤੂ ਫ਼ੈਸਲਾ ਹੋਣ ਤੋਂ ਕੁਝ ਟਾਈਮ ਬਾਅਦ ਹੀ ਇਹ ਤਿੰਨ ਜਾਣੇ ਸਾਡੀ ਲੜਕੀ ਦੀ ਕੁੱਟਮਾਰ ਅਤੇ ਨਾਜਾਇਜ਼ ਤੰਗ ਪਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਉਹ ਆਪਣੀ ਭੈਣ ਹਰਵਿੰਦਰ ਕੌਰ ਨੂੰ ਲੈ ਕੇ ਆਏ ਸਨ ਜੋ ਕਿ ਹਰਵਿੰਦਰ ਕੌਰ ਵਲੋਂ ਆਪਣੇ ਅੱਠ ਸਾਲਾ ਲੜਕੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਅੱਗੋਂ ਉਨ੍ਹਾਂ ਦਾ ਜਵਾਈ ਰਮਨਦੀਪ ਅਤੇ ਸਹੁਰਾ,ਸੱਸ ਆਪ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਧਮਕਾਇਆ ਜਾਂਦਾ ਸੀ ਜਿਸ ਤੋਂ ਤੰਗ ਆ ਕੇ ਅੱਜ ਉਨ੍ਹਾਂ ਦੀ ਲੜਕੀ ਨੇ ਆਤਮ ਹੱਤਿਆ ਕਰ ਲਈ ਹੈ। ਜਿਸ ਦਾ ਜ਼ਿੰਮੇਵਾਰ ਹਰਵਿੰਦਰ ਕੌਰ ਦਾ ਸਹੁਰਾ ਅਜਮੇਰ ਸਿੰਘ ਉਨ੍ਹਾਂ ਦਾ ਜਵਾਈ ਰਮਨਦੀਪ ਸਿੰਘ ਅਤੇ ਸੱਸ ਬਲਵਿੰਦਰ ਕੌਰ ਹੈ ਲੇਕਿਨ ਭਿੱਖੀਵਿੰਡ ਪੁਲਿਸ ਵਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਠੋਸ ਵਿੱਚ ਨਹੀਂ ਲਿਆਂਦੀ ਜਾ ਰਹੀ। ਉਨ੍ਹਾਂ ਭਿੱਖੀਵਿੰਡ ਪੁਲਸ ਤੇ ਦੋਸ਼ ਲਗਾਇਆ ਕਿ ਹਰਵਿੰਦਰ ਕੌਰ ਦਾ ਸਹੁਰਾ ਪੁਲਿਸ ‘ਚ ਐੱਸ.ਪੀ ਰਟਾਇਰ ਹੋਣ ਕਰ ਕੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਮ੍ਰਿਤਕ ਲੜਕੀ ਹਰਵਿੰਦਰ ਕੌਰ ਦੇ ਹੱਕ ਵਿੱਚ ਨਿੱਤਰੀਆਂ ਕਿਸਾਨ ਸੰਘਰਸ਼ ਕਮੇਟੀ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਭਿੱਖੀਵਿੰਡ ਪੁਲੀਸ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਨ੍ਹਾਂ ਤਿੰਨਾਂ ਜਾਣਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰ ਕੇ ਐਫਆਈਆਰ ਦਰਜ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਲਾਸ਼ ਨੂੰ ਭਿੱਖੀਵਿੰਡ ਚੌਕ ਵਿਚ ਰੱਖ ਚੱਕਾ ਜਾਮ ਕਰ ਪੁਲਸ ਪ੍ਰਸ਼ਾਸਨ ਖਿਲਾਫ ਧਰਨਾ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਖਬਰ ਕੀਤੇ ਜਾਣ ਤੱਕ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਭਿੱਖੀਵਿੰਡ ਪੁਲਸ ਵਲੋਂ ਮ੍ਰਿਤਕ ਹਰਵਿੰਦਰ ਕੌਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਕੇਸ ਸਬੰਧੀ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਉੱਥੇ ਜਦੋਂ ਦੂਜੇ ਪਾਸੇ ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸ ਐੱਚ ਓ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋ ਜਾਣਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾ ਰਿਹਾ ਹੈ। ਪਰੰਤੂ ਮ੍ਰਿਤਕ ਦੇ ਪਰਿਵਾਰਕ ਮੈਂਬਰ ਤਿੰਨ ਜਣਿਆਂ ਖ਼ਿਲਾਫ਼ ਪਰਚਾ ਦਰਜ ਕਰਵਾਉਣਾ ਚਾਹੁੰਦੇ ਹਨ ਜੋ ਕਿ ਉਨ੍ਹਾਂ ਦੇ ਉੱਚ ਅਧਿਕਾਰੀਆਂ ਦੇ ਨੋਟਿਸ ਵਿੱਚ ਇਹ ਸਾਰਾ ਮਾਮਲਾ ਹੈ ਜੋ ਵੀ ਉਨ੍ਹਾਂ ਵੱਲੋਂ ਆਦੇਸ਼ ਜਾਰੀ ਹੋਣਗੇ ਉਨ੍ਹਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।