ਸ੍ਰੀ ਮੁਕਤਸਰ ਸਾਹਿਬ ਦੇ ਮਾਡਲ ਟਾਊਨ ਵਿਚ ਅੱਜ ਹੋਈ ਦਿਲ ਕੰਬਾਊ ਵਾਰਦਾਤ ਨੇ ਇਸ ਖੇਤਰ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਰੇਲਵੇ ਲਾਇਨ ਦੇ ਨਾਲ ਜਾਂਦੇ ਰਸਤੇ ਤੇ ਪਤੀ ਨੇ ਸ਼ਰੇਆਮ ਤੇਜਧਾਰ ਹਥਿਆਰਾਂ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ – ਪਤਨੀ ਵਿਚ ਬੀਤੇ ਕਰੀਬ 6 ਮਹੀਨਿਆਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਪਤਨੀ ਆਪਣੇ 2 ਸਾਲ ਦੇ ਬੱਚੇ ਸਮੇਤ ਪੇਕੇ ਘਰ ਹੀ ਰਹਿ ਰਹੀ ਸੀ।
ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਲਾਇਨ ਨਾਲ ਲੱਗਦੇ ਮਾਡਲ ਟਾਊਨ ਖੇਤਰ ਵਿਚ ਪਤੀ ਵੱਲੋਂ ਪਤਨੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਂ ਪਰਵਿੰਦਰ ਕੌਰ ਨੇ ਦੱਸਿਆ ਕਿ ਸੰਦੀਪ ਕੌਰ ਦਾ ਵਿਆਹ ਕਰੀਬ 3 ਸਾਲ ਪਹਿਲਾ ਮਨਜਿੰਦਰ ਸਿੰਘ ਵਾਸੀ ਮੱਲਹੂ ਵਾਲੀਆ (ਜੀਰਾ) ਨਾਲ ਹੋਇਆ ਸੀ। ਉਸਦੇ ਕੋਲ ਇੱਕ ਦੋ ਸਾਲ ਦਾ ਬੇਟਾ ਹੈ। ਕਰੀਬ 6 ਮਹੀਨੇ ਤੋਂ ਪਤੀ ਪਤਨੀ ਦਾ ਆਪਸ ਵਿਚ ਝਗੜਾ ਚੱਲ ਰਿਹਾ ਸੀ 6 ਮਹੀਨੇ ਤੋਂ ਹੀ ਸੰਦੀਪ ਕੌਰ ਆਪਣੇ ਪੇਕੇ ਘਰ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੀ ਸੀ। ਅੱਜ ਮਨਜਿੰਦਰ ਸਿੰਘ ਉਹਨਾਂ ਦੇ ਘਰ ਆਇਆ ਅਤੇ ਦਰਵਾਜਾ ਖੜਕਾਉਣ ਲੱਗਾ ਉਹਨਾਂ ਨੇ ਦਰਵਾਜਾ ਨਾ ਖੋਲਿਆ। ਉਸ ਉਪਰੰਤ ਕੁਝ ਸਮਾਂ ਬਾਅਦ ਜਦ ਸੰਦੀਪ ਕੌਰ ਘਰ ਦੇ ਨੇੜੇ ਹੀ ਸਥਿਤ ਕਿਸੇ ਘਰ ਪੁਲਿਸ ਨੂੰ ਫੋਨ ਕਰਨ ਲਈ ਗਈ ਤਾਂ ਮਨਜਿੰਦਰ ਸਿੰਘ ਨੇ ਉਸਨੂੰ ਰੇਲਵੇ ਲਾਇਨ ਦੇ ਨਾਲ ਖੁੱੱਲੀ ਜਗ੍ਹਾ ਫੜ੍ਹ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤਾ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁ੍ਰਰੂ ਕਰ ਦਿੱਤੀ ਹੈ।