ਇਤਿਹਾਸਕ ਨਗਰ ਤਲਵੰਡੀ ਸਾਬੋ ਦੀ ਰਾਮਾਂ ਰੋੜ ‘ਤੇ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਵਿਖੇ ਕਲਾਸ ਵਿੱਚ ਪੜਦੇ ਸਮੇਂ ਵਿਦਿਆਰਥਣ ਦੀ ਅਚਾਨਕ ਮੌਤ ਤੋਂ ਭੜਕੇ ਅੱਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਮਾਂ ਰੋਡ ਨੂੰ ਜਾਮ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਯੂਨੀਵਰਸਿਟੀ ਤੋਂ ਨਿਆਂ ਦੇਣ ਦੀ ਮੰਗ ਕੀਤੀ। ਇਸ ਸਬੰਧੀ ਧਰਨਾ ਦੇਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਕੋਈ ਵੀ ਮੈਡੀਕਲ ਸਹੂਲਤ ਨਹੀਂ ਹੈ ਤੇ ਕੱਲ੍ਹ ਇਕ ਵਿਦਿਆਰਥਣ ਚੱਕਰ ਖਾ ਕੇ ਡਿੱਗ ਪਈ ਤਾਂ ਉਸ ਨੂੰ ਕੋਈ ਵੀ ਫਾਸਟੈਗ ਨਹੀਂ ਦਿੱਤੀ ਗਈ ਸੀ। ਹਸਪਤਾਲ ਵਿਚ ਦੇਰੀ ਨਾਲ ਲਿਜਾਣ ਕਰਕੇ ਵਿਦਿਆਰਥਣ ਦੀ ਮੌਤ ਹੋਈ ਹੈ ਤੇ ਯੂਨੀਵਰਸਿਟੀ ਦੇ ਸਟਾਫ਼ ਦੀ ਪੂਰੀ ਤਰ੍ਹਾਂ ਅਣਗਹਿਲੀ ਹੈ ਜਿਸ ਲਈ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅਸੀਂ ਨਿਆਂ ਦੇਣ ਦੀ ਮੰਗ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਘਟੀਆ ਕਿਸਮ ਦਾ ਖਾਣਾ ਦਿੱਤਾ ਜਾਂਦਾ ਹੈ ਅਤੇ ਹੋਰ ਸਹੂਲਤਾਂ ਵੀ ਵਿਦਿਆਰਥੀਆਂ ਲਈ ਬਹੁਤ ਘੱਟ ਹਨ ਅਤੇ ਨਾ ਹੀ ਲੜਕੇ ਅਤੇ ਲੜਕੀਆਂ ਨੂੰ ਆਪਸ ਵਿੱਚ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।
ਅਗਰ ਕੱਲ੍ਹ ਲੜਕੇ ਉਸ ਲੜਕੀ ਨੂੰ ਫਸਟਏਡ ਦੇ ਕੇ ਹਸਪਤਾਲ ਲੈ ਜਾਂਦੇ ਤਾਂ ਹਸਪਤਾਲ ਜਾਣ ਸਮੇਂ ਦੇਰੀ ਨਾ ਲੱਗਦੀ ਤੇ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਜਿਸ ਲਈ ਇਹ ਸਾਰੀ ਅਣਗਹਿਲੀ ਯੂਨੀਵਰਸਿਟੀ ਦੇ ਮੁਖੀ ਅਤੇ ਸਟਾਫ ਦੀ ਹੈ। ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀ ਵਿਚ ਵਧੀਆ ਤਰ੍ਹਾਂ ਨਾਲ ਡਾਕਟਰੀ ਸਹੂਲਤਾਂ ਸਮੇਤ ਚੰਗੇ ਖਾਣੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਕਿ ਹੋਰ ਕਿਸੇ ਵਿਦਿਆਰਥੀ ਨਾਲ ਅਜਿਹੀ ਘਟਨਾ ਨਾ ਵਾਪਰੇ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦੀ ਅਕਾਲ ਯੂਨੀਵਰਸਿਟੀ ਦੇ ਬੀ.ਏ ਭਾਗ ਤੀਜਾ ਵਿੱਚ ਪੜਦੀ ਹਰਿਆਣਾ ਦੇ ਇੱਕ ਪਿੰਡ ਦੀ ਵਿਦਿਆਰਥਣ ਰੋਜ਼ਾਨਾ ਦੀ ਤਰਾਂ ਕਲਾਸ ਲਗਾ ਰਹੀ ਸੀ ਤਾਂ ਕਲਾਸ ਵਿੱਚ ਕੁਰਸੀ ਤੋਂ ਥੱਲੇ ਡਿੱਗ ਗਈ। ਜਿਸ ਨਾਲ ਕਲਾਸ ਵਿੱਚ ਹਫੜਾਤਫੜੀ ਮੱਚ ਗਈ। ਯੂਨੀਵਰਸਿਟੀ ਦੇ ਪ੍ਰਬੰਧਕ ਨੇ ਤੁਰੰਤ ਵਿਦਿਆਰਥਣ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਦਾ ਜਿਥੇ ਡਾਂਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆਂ ਕਿ ਕਲਾਸ ਵਿੱਚ ਲੜਕੀ ਨੂੰ ਚੱਕਰ ਆ ਕੇ ਦਿਲ ਦਾ ਦੌਰਾ ਪੈ ਗਿਆ। ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ