ਇਕ ਵਾਰ ਫਿਰ ਫਿਰੋਜ਼ਪੁਰ ਵਿਚ ਨਸ਼ੇ ਕਾਰਨ ਇਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ। ਸੂਬਾ ਸਰਕਾਰ ਵੱਲੋਂ ਕਸਮਾ ਖਾ ਕੇ ਪੰਜਾਬ ਵਿਚ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਗਏ, ਪਰ ਹਾਲਾਤ ਨਸ਼ੇ ਨੂੰ ਲੈ ਕੇ ਬਦ ਤੋਂ ਬਦਤਰ ਹੁੰਦੇ ਗਏ। ਜਿਸ ਦੇ ਨਤੀਜੇ ਇਹ ਨਿਕਲ ਕੇ ਸਾਹਮਣੇ ਆ ਰਹੇ ਹਨ ਕਿ ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਹਲਕੇ ਵਿਚ ਨੌਜਵਾਨਾਂ ਨੂੰ ਨਸ਼ੇ ਕਾਰਨ ਆਪਣੀ ਜਾਨ ਗਵਾਉਣੀ ਪੈ ਰਹੀ ਹੈ। ਅੱਜ ਫਿਰੋਜ਼ਪੁਰ ਵਿਚ ਜਗਦੀਸ਼ ਨਾਮਕ 18 ਸਾਲ ਦੇ ਨੌਜਵਾਨ ਜੋ ਗਵਾਲ ਮੰਡੀ ਵਿਚ ਰਹਿਣ ਵਾਲੇ ਨੂੰ ਜਾਨ ਗਵਾਉਣੀ ਪਈ। ਪੀੜ੍ਹਤ ਪਰਿਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਇਲਾਕੇ ਵਿਚ ਵੱਡੀ ਤਦਾਦ ਵਿਚ ਨਸ਼ਾ ਵਿਕ ਰਿਹਾ ਹੈ ਅਤੇ ਉਸ ਨੂੰ ਰੋਕਣ ਵਾਲਾ ਕੋਈ ਵੀ ਨਹੀਂ।
ਆਖਿਰ ਕਦੋਂ ਰੁਕਣਗੇ ਨਸ਼ੇ ਦੇ ਕਾਰੋਬਾਰ। ਕਦੋਂ ਤੱਕ ਮਾਵਾਂ ਨੂੰ ਨਸ਼ੇ ਕਾਰਨ ਆਪਣੇ ਗਵਾਉਣ ਪੈਣਗੇ ਪੁੱਤ। ਇਹ ਗੱਲਾਂ ਪੀੜ੍ਹਤ ਪਰਿਵਾਰ ਦੇ ਮੂੰਹੋਂ ਨਿਕਲ ਸਰਕਾਰ ਦੇ ਜਮੀਰ ਨੂੰ ਜਗਾਉਣ ਦੀ ਕੋਸਿਸ਼ਾਂ ਕਰ ਰਹੀਆਂ ਹਨ, ਪਰ ਸੂਬਾ ਸਰਕਾਰ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਆਪਣੀਆਂ ਕੁਰਸੀਆਂ ਬਚਾਉਣ ਦੀ ਹੋੜ ਵਿਚ ਲੱਗੀ ਹੋਈ ਹੈ ਅਤੇ ਪੰਜਾਬ ਦੇ ਅਵਾਮ ਨੂੰ ਭੁੱਲੀ ਬੈਠੀ ਹੈ। ਪੀੜ੍ਹਤ ਪਰਿਵਾਰ ਨੇ ਸਰਕਾਰ ਅਤੇ ਪ੍ਰਸਾਸ਼ਨ ਤੇ ਦੋਸ਼ ਲਗਾਏ ਕਿ ਹਲਕੇ ਵਿਚ ਨਸ਼ੇ ਵੇਚਣ ਵਾਲਿਆਂ ਦੀ ਭਰਮਾਰ ਲੱਗੀ ਹੋਈ ਹੈ, ਖੁੱਲ੍ਹੇ ਆਮ ਨਸ਼ਾ ਵਿਕ ਰਿਹਾ ਹੈ, ਬੜੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ, ਜਿਸ ਦਾ ਖਮਿਆਜਾ ਉਨ੍ਹਾਂ ਨੂੰ ਆਪਣਾ ਪੁੱਤ ਗੁਆ ਕੇ ਚੁਕਾਉਣਾ ਪੈ ਰਿਹਾ ਹੈ। ਪੀੜ੍ਹਤ ਪਰਿਵਾਰ ਨੇ ਕਿਹਾ ਕਿ ਪਿਛਲੇ 5-6 ਸਾਲਾਂ ਤੋਂ ਮ੍ਰਿਤਕ ਜਗਦੀਸ਼ ਨੂੰ ਨਸ਼ਾ ਕਰਨ ਦੀ ਆਦਤ ਸੀ, ਉਸ ਦੇ ਇਲਾਜ ਲਈ ਕਾਫੀ ਕੋਸ਼ਿਸ਼ਾਂ ਵੀ ਕੀਤੀਆਂ, ਪਰ ਆਖਿਰ ਨਸ਼ੇ ਦੀ ਲੱਤ ਉਸ ਦੀ ਜ਼ਿੰਦਗੀ ‘ਤੇ ਭਾਰੂ ਪੈ ਗਈ, ਜਿਸ ਕਾਰਨ ਛੋਟੀ ਉਮਰ ਵਿਚ ਹੀ ਉਸ ਨੂੰ ਆਪਣੀ ਜਾਨ ਗਵਾਉਣੀ ਪਈ।