ਪਿਛਲੇ ਚਾਰ ਪੰਜ ਦਿਨਾਂ ਤੋਂ ਬਿਜਲੀ ਦੀ ਸਪਲਾਈ ਨਿਰਵਿਘਨ ਨਾ ਮਿਲਣ ਕਰਕੇ ਅੱਕੇ ਹੋਏ ਕਿਸਾਨਾਂ ਨੇ ਸਬ ਡਿਵੀਜ਼ਨ ਮਮਦੋਟ ਦੇ ਰਾਉਕੇ ਗਰਿੱਡ ਘਿਰਾਓ ਕੀਤਾ ਅਤੇ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਵੱਖ ਵੱਖ ਸਰਹੱਦੀ ਪਿੰਡਾਂ ਤੋਂ ਇਕੱਠੇ ਹੋਏ ਕਿਸਾਨਾਂ ਦਾ ਪਿੰਡਾਂ ਦੇ ਭਾਰੀ ਇਕੱਠ ਨੂੰ ਵੇਖਦਿਆਂ ਰੋ ਵੇਖ ਕੇ ਐੱਸ ਡੀ ਓ ਅਤੇ ਐਕਸੀਅਨ ਵੀ ਮੌਕੇ ਤੇ ਪਹੁੰਚੇ ਅਤੇ ਨਿਯਮਤ ਘੰਟਿਆਂ ਚ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਚੁੱਕਿਆ।
ਧਰਨੇ ਤੇ ਬੈਠੇ ਕਿਸਾਨ ਬਲਦੇਵ ਸਿੰਘ ਗੁਰਬਖਸ਼ ਸਿੰਘ ਗੱਟੀ ਮੱਤੜ, ਜਗਰੂਪ ਸਿੰਘ ਗੱਟੀ ਨੇ ਦੱਸਿਆ ਹੈ ਕਿ ਝੋਨੇ ਦੇ ਚੱਲ ਰਹੇ ਸੀਜ਼ਨ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋਂ ਬਿਜਲੀ ਸਪਲਾਈ ਨਿਰਵਿਘਨ ਨਹੀਂ ਮਿਲ ਰਹੀ ਹੈ ਜਿਸ ਕਾਰਨ ਨਾਲ ਲੱਗ ਚੁੱਕਾ ਝੋਨਾ ਸੁੱਕਣ ਲੱਗ ਪਿਆ ਹੈ ਅਤੇ ਲੱਗ ਰਿਹਾ ਝੋਨਾ ਵੀ ਪੱਛੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿੰਗੇ ਭਾਅ ਦਾ ਤੇਲ ਫੂਕ ਕੇ ਕੱਦੂ ਕੀਤੇ ਖੇਤ ਸੁੱਕਣ ਲੱਗ ਪਏ ਹਨ ਜਿਸ ਨਾਲ ਲੇਬਰ ਦੇ ਮਹਿੰਗੇ ਖਰਚੇ ਅਤੇ ਪਨੀਰੀ ਸੁੱਕਣ ਕਰਕੇ ਦੋਹਰਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਬਿਜਲੀ ਮਹਿਕਮੇ ਤੇ ਦੋਸ਼ ਲਾਉਂਦਿਆਂ ਕਿਹਾ ਕਿ ਫਾਰੂਵਾਲਾ ਫੀਡਰ ਉਪਰ ਵਾਧੂ ਦਾ ਲੋਡ ਪਾ ਕੇ ਝੋਨੇ ਦੇ ਸੀਜ਼ਨ ਵਿਚ ਖਰਾਬ ਕੀਤਾ ਜਾ ਰਿਹਾ ਹੈ।
ਉਧਰ ਮੌਕੇ ਤੇ ਐਕਸੀਅਨ ਭੁਪਿੰਦਰ ਸਿੰਘ ਸਮੇਤ ਪਹੁੰਚੇ ਐੱਸ ਡੀ ਓ ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਸਦਕੇ ਸਟੇਸ਼ਨ ਤੋਂ ਨਿਕਲਣ ਵਾਲੀਆਂ ਵੱਡੀਆਂ ਲਾਈਨਾਂ ਦੇ ਟਰਾਂਸਫਾਰਮਰ ਵਿਚ ਤਕਨੀਕੀ ਫਾਲਟ ਹੈ , ਜਿਸ ਕਾਰਨ ਚਾਰ ਘੰਟਿਆਂ ਦੇ ਨਿਰਵਿਘਨ ਬਿਜਲੀ ਸਪਲਾਈ ਦੀ ਬਜਾਏ ਦੇ ਡੇਢ ਘੰਟਾ ਲਗਾਤਾਰ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਬਾਕੀ ਬਕਾਇਆ ਬਿਜਲੀ ਵੀ ਤਕਨੀਕੀ ਨੁਕਸ ਦੂਰ ਹੋਣ ਤੋਂ ਬਾਅਦ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।