ਪੰਜਾਬੀ ਗੀਤਾਂ ਵਿੱਚ ਵੱਧ ਰਿਹਾ ਹਥਿਆਰਾਂ ਦੇ ਚੱਲਣ ‘ਤੇ ਸਮਾਜ ਵਿਚ ਵੱਧ ਰਹੇ ਗੈਂਗਵਾਰ ਨੂੰ ਵੇਖ ਕੇ ਨੌਜਵਾਨ ਪੀੜ੍ਹੀ ਕੁਰਾਹੇ ਪੈ ਰਹੀ ਹੈ। ਜਿਸ ਦੀ ਤਾਜਾ ਮਿਸਾਲ ਕੋਟਕਪੂਰਾ ’ਚ ਵੇਖਣ ਨੂੰ ਮਿਲੀ ਜਦ ਦੋ ਨੌਜਵਾਨ ਹਰਸਿਮਰਨਜੀਤ ਸਿੰਘ ਉਰਫ ਹਰਮਨ ਵਾਸੀ ਗਿਆਨੀ ਜੈਲ ਸਿੰਘ ਮਾਰਕੀਟ ਅਤੇ ਨਵਰਾਜ ਸਿੰਘ ਉਰਫ ਬੌਬੀ ਵਾਸੀ ਹੀਰਾ ਸਿੰਘ ਨਗਰ ਗਲੀ ਨੰਬਰ 5 ਕੋਟਕਪੂਰਾ ਨੇ ਨਜਾਇਜ਼ ਅਸਲਾ ਖਰੀਦ ਕੇ ਰਾਹ ਚੱਲਦੇ ਇੱਕ ਪਰਿਵਾਰ ਤੋਂ ਗੰਨ ਪੁਆਇੰਟ ’ਤੇ ਉਸਦੀ ਕਾਰ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਕਹਿੰਦੇ ਹਨ ਕਾਨੂੰਨ ਦੇ ਹੱਥ ਲੰਮੇਂ ਹੁੰਦੇ ਹਨ ਤੇ ਇਹ ਅਪਰਾਧੀ ਜ਼ਿਆਦਾ ਸਮੇਂ ਸਮੇਂ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬੱਚ ਨਹੀਂ ਸਕੇ। ਪੁਲੀਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਡੀਐੱਸਪੀ ਕੋਟਕਪੂਰਾ ਬਲਕਾਰ ਸਿੰਘ ਅਤੇ ਡੀਐੱਸਪੀ ਸਵਰਜੀਤ ਸਿੰਘ ਬਰਾੜ (ਐਡੀਸ਼ਨਲ ਐਸਐੱਚਓ ਅੰਡਰ ਟੇਨਿੰਗ) ਨੇ ਦੱਸਿਆ ਕਿ ਪੁਲੀਸ ਨੂੰ ਲੰਘੀ 5 ਜੁਲਾਈ ਨੂੰ ਪੁਲੀਸ ਨੂੰ ਸੂਚਨਾਂ ਮਿਲੀ ਕਿ ਸੁਮਿਤ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਪੁਰਾਣਾ ਸ਼ਹਿਰ ਆਪਣੀ ਪਤੀ ਤੇ ਬੱਚੀ ਨਾਲ ਰਾਤ ਕਰੀਬ 11.30 ਤੋਂ 12:00 ਵਜੇ ਦਰਮਿਆਨ ਮੋਗਾ ਰੋਡ ਲੁਧਿਆਣਾ -ਸ਼੍ਰੀਗੰਗਾਨਗਰ ਸਟੇਟ ਹਾਈਵੇ ਤੇ ਸਥਿਤ ਇਕ ਢਾਬੇ ਤੋਂ ਰੋਟੀ ਖਾ ਕੇ ਵਾਪਸ ਆ ਰਿਹਾ ਸੀ ਕਿ ਫਲਾਈ ਓਵਰ ਡੀਵਾਈਡਰ ਤੇ ਦੋ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਗੰਨ ਪੁਆਉਟ ਤੇ ਉਸਦੀ ਵਰਨਾ ਕਾਰ HR 20 W 5810 ਖੋਹ ਲਈ।
ਪੁਲੀਸ ਨੇ ਮੁਲਜ਼ਮਾਂ ਦੇ ਸ਼ਹਿਰ ਵੱਲ ਆਉਣ ਦੀ ਸੂਚਨਾਂ ਦੇ ਆਧਾਰ ਤੇ ਥਾਂ-ਥਾਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਇਨ੍ਹਾਂ ਤੋਂ 32 ਬੋਰ ਪਿਸਤੋਲ 312 ਬੋਰ ਦੇਸੀ ਕੱਟਾ, ਦੋ ਮੈਗਜੀਨ ਤੇ ਸੱਤ ਜਿੰਦਾ ਰੌਂਦ ਬਰਾਮਦ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ। ਮੁਲਜ਼ਮ ਨੇ ਖੋਹੀ ਹੋਈ ਕਾਰ ਦੀ ਪਹਿਚਾਣ ਬਦਲਣ ਲਈ ਟਾਇਰ ਬਦਲ ਦਿੱਤੇ ਤੇ ਛੱਤ ਟੇਪ ਕਰਵਾ ਕੇ ਕਾਲੇ ਰੰਗ ਦੀ ਕਰਵਾ ਦਿੱਤੀ ਤੇ ਅੱਗੇ ਪ੍ਰੈੱਸ ਦਾ ਸਟਿੱਕਰ ਲਾ ਦਿੱਤਾ।ਮੁਲਜ਼ਮ ਹਰਸਿਮਰਨਜੀਤ ਦਾ ਪਿਤਾ ਮਰਹੂਮ ਹਰਨਰਾਇਣ ਧੁਨਾ ਪ੍ਰੈੱਸ ਟਰਸਟ ਕੋਟਕਪੂਰਾ ਦੇ ਪ੍ਰਧਾਨ ਤੇ ਇਕ ਪੰਜਾਬੀ ਅਖ਼ਬਾਰ ਦਾ ਪੱਤਰਕਾਰ ਰਿਹਾ ਹੈ।