ਰਾਏਕੋਟ ਦੇ ਪਿੰਡ ਗੋਬਿੰਦਗੜ੍ਹ ਵਿਖੇ ਬੀਤੀ ਰਾਤ 8.30 ਵਜੇ ਦੇ ਕਰੀਬ ਇਕ ਸ਼ਿਕਾਇਤ ਤਹਿਤ ਜਾਂਚ ਕਰਨ ਗਏ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਕੀ ਜਲਾਲਦੀਵਾਲ ਦੇ ਮੁਲਾਜ਼ਮਾਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ, ਜਦਕਿ ਪਰਿਵਾਰਕ ਮੈਂਬਰਾਂ ਨੇ ਪੁਲਸ ਮੁਲਾਜ਼ਮਾਂ ਉੱਪਰ ਘਰ ਦੀਆਂ ਔਰਤਾਂ ਦੀ ਕੁੱਟਮਾਰ ਕਾਰਨ, ਗਾਲ੍ਹਾਂ ਕੱਢਣ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਨੇ ਦੋਸ਼ਾਂ ਨੂੰ ਝੁਠਲਾਉਂਦਿਆਂ ਉਲਟਾ ਪਰਿਵਾਰਕ ਮੈਂਬਰਾਂ ਉਪਰ ਆਪਣੀ ਕੁੱਟਮਾਰ ਕਰਨ, ਵਰਦੀ ਪਾੜਨ ਅਤੇ ਥਾਣੇਦਾਰ ਸਰਵਿਸ ਰਿਵਾਲਵਰ ਖੋਹਣ ਤੱਕ ਦੇ ਸੰਗੀਨ ਦੋਸ਼ ਲਗਾਏ ਹਨ, ਸਗੋਂ ਇਸ ਸੰਬੰਧ ਵਿਚ ਕਾਰਵਾਈ ਕਰਦਿਆਂ ਪੁਲਸ ਥਾਣਾ ਸਦਰ ਰਾਏਕੋਟ ਨੇ ਪਰਿਵਾਰਕ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਦੋ ਔਰਤਾਂ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ, ਉਧਰ ਕਿਸਾਨ ਯੂਨੀਅਨ ਵੱਲੋਂ ਪਰਿਵਾਰਕ ਮੈਂਬਰਾਂ ਦੇ ਸਮਰਥਨ ਵਿਚ ਰਾਏਕੋਟ ਪੁਲੀਸ ਸਟੇਸ਼ਨ ਅੱਗੇ ਪੁਲਸ ਖਿਲਾਫ ਰੋਸ ਧਰਨਾ ਲਗਾਇਆ।
ਦਰਅਸਲ ਪਿੰਡ ਗੋਬਿੰਦਗੜ੍ਹ ਦੇ ਵਸਨੀਕ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਿਚਕਾਰ ਚੱਲ ਰਹੇ ਘਰੇਲੂ ਵਿਵਾਦ ਤਹਿਤ ਬੀਤੀ ਰਾਤ ਅੱਠ ਕੁ ਵਜੇ ਦੇ ਕਰੀਬ ਅਮਨਦੀਪ ਕੌਰ ਨੇ ਆਪਣੇ ਪਤੀ ਅਤੇ ਤਾਏ ਸਹੁਰੇ ਹਰਬੰਸ ਸਿੰਘ ‘ਤੇ ਆਪਣੇ 12-13 ਸਾਲਾਂ ਲੜਕੇ ਨੂੰ ਅਗਵਾ ਕਰਨ ਦਾ ਦੋਸ਼ ਲਗਾਉਂਦਿਆਂ ਪੁਲਿਸ ਪਾਸ ਸਿਕਾਇਤ ਦਰਜ ਕਰਵਾਈ ਸੀ, ਜਿਸ ‘ਤੇ ਕਰਵਾਈ ਕਰਦਿਆਂ ਚੌੰਕੀ ਜਲਾਲਦੀਵਾਲ ਦਾ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਸਮੇਤ ਪੁਲਸ ਪਾਰਟੀ ਸ਼ਿਕਾਇਤਕਰਤਾ ਦੇ ਪਤੀ ਅਤੇ ਤਾਏ ਸਹੁਰੇ ਦੇ ਘਰ ਜਾਂਚ ਲਈ ਗਿਆ ਸੀ, ਜਿੱਥੇ ਦੋਵੇਂ ਧਿਰਾਂ ਵਿੱਚ ਤਕਰਾਰ ਹੋ ਗਿਆ, ਨੌਬਤ ਹੱਥੋਪਾਈ ਤੱਕ ਪਹੁੰਚ ਗਈ।
ਸਗੋਂ ਥਾਣਾ ਸਦਰ ਰਾਏਕੋਟ ਦੀ ਭਾਰੀ ਮਾਤਰਾ ਵਿਚ ਪੁੱਜੀ ਪੁਲਸ ਨੇ ਆਪਣੇ ਸਾਥੀ ਮੁਲਾਜ਼ਮਾਂ ਦੀ ਬੰਦ ਖਲਾਸੀ ਕਰਵਾਈ, ਉਧਰ ਹਰਬੰਸ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਪਰਵਾਰਿਕ ਮੈਂਬਰਾਂ ਨੇ ਚੌਕੀ ਜਲਾਲਦੀਵਾਲ ਗੁਰਸੇਵਕ ਸਿੰਘ ਅਤੇ ਪੁਲਸ ਮੁਲਾਜ਼ਮਾਂ ਉਪਰ ਘਰ ਵਿੱਚ ਦਾਖਲ ਹੁੰਦਿਆਂ ਗੰਦੀਆਂ ਗਾਲ੍ਹਾਂ ਕੱਢਣ ਅਤੇ ਘਰ ਦੀਆਂ ਔਰਤਾਂ ਦੀ ਕੁੱਟਮਾਰ ਕਰਦਿਆਂ ਕੱਪੜੇ ਪਾੜ ਦੇ ਦੋਸ਼ ਲਗਾਏ ਹਨ, ਦੂਜੇ ਪਾਸੇ ਪੁਲਸ ਥਾਣਾ ਸਦਰ ਰਾਏਕੋਟ ਦੇ ਐਸਐਚਓ ਅਜੈਬ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੁਠਲਾਉਂਦਿਆਂ ਉਲਟਾ ਪਰਵਾਰਿਕ ਮੈਂਬਰਾਂ ‘ਤੇ ਹੀ ਚੌਕੀ ਜਲਾਲਦੀਵਾਲ ਇੰਚਾਰਜ ਗੁਰਸੇਵਕ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਦਿਆਂ ਉਸ ਦੀ ਵਰਦੀ ਪਾੜਨ ਤੋਂ ਇਲਾਵਾ ਚੌੰਕੀ ਇੰਚਾਰਜ ਦਾ ਰਿਵਾਲਵਰ ਖੋਹਣ ਦਾ ਦੋਸ਼ ਲਗਾਇਆ, ਸਗੋਂ ਥਾਣਾ ਮੁੱਖੀ ਦੀ ਅਗਵਾਈ ‘ਚ ਪੁੱਜੀ ਵੱਡੀ ਗਿਣਤੀ ‘ਚ ਪੁਲਸ ਪਾਰਟੀ ਨੇ ਸਾਥੀ ਮੁਲਾਜ਼ਮਾਂ ਨੂੰ ਛੁਡਵਾਇਆ ਅਤੇ ਖੋਹਿਆ ਰਿਵਾਲਵਰ ਬਰਾਮਦ ਕੀਤਾ, ਜਦਕਿ ਰਾਏਕੋਟ ਪੁਲਿਸ ਨੇ ਇਸ ਸਬੰਧ ਵਿੱਚ ਮੁਕੱਦਮਾ ਦਰਜ ਕਰਕੇ ਦੋ ਔਰਤਾਂ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਮਜ਼ਦ ਬਾਕੀ ਵਿਅਕਤੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ, ਉੱਥੇ ਹੀ ਇਸ ਸਬੰਧ ਵਿਚ ਬੀਕੇਯੂ(ਡਕੌੰਦਾ) ਮਹਿਲ ਕਲਾਂ ਅਤੇ ਰਾਏਕੋਟ ਦੇ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ ਅਤੇ ਰਣਧੀਰ ਸਿੰਘ ਉੱਪਲ ਬੱਸੀਆਂ ਦੀ ਅਗਵਾਈ ਵਿੱਚ ਪੁਲੀਸ ਸਟੇਸ਼ਨ ਅੱਗੇ ਧਰਨਾ ਲਗਾਇਆ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉਪਰ ਪਰਵਾਰ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ, ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਕੇ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਵਾਰ ਖਿਲਾਫ਼ ਦਰਜ ਮੁਕੱਦਮਾ ਖਾਰਜ ਕੀਤਾ ਜਾਵੇ।