ਐੱਸ.ਟੀ.ਐੱਫ. ਲੁਧਿਆਣਾ ਦੀ ਟੀਮ ਨੇ ਅੱਜ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ’ਚ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਆਪਣੇ ਹੀ ਇੱਕ ਸਹਾਇਕ ਥਾਣੇਦਾਰ ਸਮੇਤ ਉਸ ਦੇ 2 ਹੋਰ ਸਾਥੀਆਂ ਨੂੰ ਸਮਰਾਲਾ ਨੇੜੇ 3 ਕੁਇੰਟਲ 50 ਕਿੱਲੋ ਭੁੱਕੀ ਚੂਰਾ ਪੋਸਤ ਅਤੇ ਇੱਕ ਸਕਾਰਪਿਓ ਗੱਡੀ ਸਮੇਤ ਗਿ੍ਰਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜਿਆ ਗਿਆ ਪੁਲਸ ਦਾ ਇਹ ਸਹਾਇਕ ਥਾਣੇਦਾਰ ਲੁਧਿਆਣਾ ਵਿਖੇ ਤਾਇਨਾਤ ਹੈ ਅਤੇ ਉਹ ਆਪਣੇ ਸਾਥੀਆਂ ਨਾਲ ਰਲ ਕੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦੇ ਕੰਮ ਵਿੱਚ ਲੱਗਿਆ ਹੋਇਆ ਸੀ। ਬਾਕੀ ਦੇ ਗ੍ਰਿਫ਼ਤਾਰ ਦੋ ਹੋਰ ਮੁਲਜ਼ਮਾਂ ਵਿੱਚ ਇੱਕ ਔਰਤ ਅਤੇ 25 ਸਾਲਾ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ।
ਐੱਸ.ਟੀ.ਐੱਫ. ਲੁਧਿਆਣਾ ਰੇਂਜ ਦੇ ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਚਾਰਜ਼ ਐੱਸ.ਟੀ.ਐੱਫ. ਲੁਧਿਆਣਾ ਇੰਸਪੈਕਟਰ ਹਰਬੰਸ ਸਿੰਘ ਨੂੰ ਇਹ ਜਾਣਕਾਰੀ ਮਿਲੀ ਸੀ, ਕਿ ਚੰਡੀਗੜ ਵੱਲੋਂ ਇੱਕ ਸਕਾਰਪਿਓ ਗੱਡੀ ਜਿਸ ਵਿੱਚ ਏ.ਐੱਸ.ਆਈ. ਰਜਿੰਦਰਪਾਲ ਸਿੰਘ ਵਰਦੀ ਪਾਕੇ ਬੈਠਾ ਹੈ, ਸਮਰਾਲਾ ਵੱਲ ਆ ਰਹੀ ਹੈ। ਇਸ ਗੱਡੀ ਵਿੱਚ ਵੱਡੀ ਮਾਤਰਾਂ ’ਚ ਭੁੱਕੀ ਚੂਰਾ ਪੋਸਤ ਲੱਦਿਆ ਹੋਇਆ ਹੈ। ਐੱਸ.ਟੀ.ਐੱਫ. ਦੀ ਟੀਮ ਨੇ ਸਮਰਾਲਾ ਵਿਖੇ ਪਿੰਡ ਦਿਆਲਪੁਰਾ ਬਾਈਪਾਸ ’ਤੇ ਨਾਕਾਬੰਦੀ ਕਰਦੇ ਹੋਏ ਇਸ ਗੱਡੀ ਨੂੰ ਘੇਰ ਕੇ ਇਸ ਵਿੱਚ ਸਵਾਰ ਏ.ਐੱਸ.ਆਈ. ਰਜਿੰਦਰਪਾਲ ਸਿੰਘ, ਦਲਜੀਤ ਕੌਰ ਉਰਫ ਬਬਲੀ ਅਤੇ ਇੱਕ ਹੋਰ ਨੌਜਵਾਨ ਪਵਨਜੀਤ ਸਿੰਘ ਨੂੰ ਕਾਬੂ ਕਰਕੇ ਗੱਡੀ ਵਿੱਚੋਂ 3 ਕੁਇੰਟਲ 50 ਕਿੱਲੋਂ ਭੁੱਕੀ ਬਰਾਮਦ ਕੀਤੀ। ਇਨਾਂ ਸਾਰੇ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਪੁੱਛਗਿਛ ਕੀਤੀ ਗਈ। ਕਾਬੂ ਕੀਤੇ ਏ.ਐੱਸ.ਆਈ. ਨੇ ਦੱਸਿਆ ਕਿ ਉਹ ਲੁਧਿਆਣਾ ਦੇ ਥਾਣਾ ਡਾਬਾ ਵਿਖੇ ਡਿਊਟੀ ਕਰਦਾ ਹੈ ਅਤੇ ਉਹ ਤਿੰਨੇ ਜਣੇ ਰਲ ਕੇ ਮੱਧ ਪ੍ਰਦੇਸ਼ ਤੋਂ ਸਸਤੇ ਭਾਅ ਭੁੱਕੀ ਲਿਆਕੇ ਲੁਧਿਆਣਾ ਅਤੇ ਨਾਲ ਦੇ ਇਲਾਕਿਆਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਗਿ੍ਰਫਤਾਰ ਔਰਤ ਦਲਜੀਤ ਕੌਰ ਉਰਫ ਬਬਲੀ ਜੋਕਿ ਹੈਬੋਵਾਲ ਲੁਧਿਆਣਾ ਦੀ ਰਹਿਣ ਵਾਲੀ ਹੈ, ’ਤੇ ਪਹਿਲਾ ਵੀ ਕਈ ਮਾਮਲੇ ਦਰਜ਼ ਹਨ। ਤੀਜਾ ਨੌਜਵਾਨ ਪਵਨਜੀਤ ਸਿੰਘ ਵੀ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਵੀ ਮੰਨਿਆ ਕਿ, ਉਹ ਕਾਫੀ ਦੇਰ ਤੋਂ ਤਿੰਨੇ ਜਣੇ ਰਲ ਕੇ ਨਸ਼ਾ ਤਸਕਰੀ ਕਰ ਰਹੇ ਸਨ। ਇਨਾਂ ਸਾਰੇ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।